ਅਸ਼ੋਕ ਵਰਮਾ
ਚੰਡੀਗੜ੍ਹ, 30 ਨਵੰਬਰ 2020:ਪੰਜਾਬ ਦੀਆਂ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ ਤੇ ਅਧਾਰਿਤ ‘‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’’ ਨੇ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸੂਬਾਈ ਕਨਵੈਨਸ਼ਨ ਵੱਲੋਂ ਪਾਸ ਕੀਤੇ ਗਏ ਇੱਕ ਮਤੇ ਰਾਹੀਂ ਦੇਸ਼ ਦੀ ਸਮੁੱਚੀ ਕਿਸਾਨੀ, ਖਾਸਕਰ ਪੰਜਾਬ ਤੇ ਹਰਿਆਣੇ ਦੇ ਬਹਾਦਰ ਕਿਸਾਨਾਂ ਨੂੰ ਉਹਨਾਂ ਦੇ ਸ਼ਾਨਦਾਰ ਤੇ ਸ਼ਾਨਾਮੱਤੇ ਜਨਤਕ ਸੰਘਰਸ਼ ਲਈ ਨਿੱਘੀਆਂ ਵਧਾਈਆਂ ਤੇ ਸ਼ੁਭ ਇੱਛਾਵਾਂ ਭੇਜੀਆਂ ਹਨ। ਕਨਵੈਨਸ਼ਨ ਉਪਰੰਤ ਫਰੰਟ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਤੋਂ ਲੋਕ ਵਿਰੋਧੀ ਨੀਤੀਆਂ ਫੌਰੀ ਤੌਰ ਤੇ ਬੰਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਤੇ ਆਮ ਖਪਤਕਾਰਾਂ ਨਾਲ ਸੰਬੰਧਤ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿਸ ਬਹਾਦਰੀ, ਜੋਸ਼ ਤੇ ਇਨਕਲਾਬੀ ਅਨੁਸ਼ਾਸ਼ਨ ਦਾ ਪ੍ਰਚਮ ਲਹਿਰਾਉਂਦਿਆਂ ਲੱਖਾਂ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਚੌਂਹਾਂ ਦਿਸ਼ਾਵਾਂ ਤੋਂ ਘੇਰਿਆ ਹੈ।
ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਕਿਸਾਨਾਂ ਨੇ ਯੂ.ਪੀ. ਦੀ ਯੋਗੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਵਰਤੇ ਹਰ ਕਿਸਮ ਦੇ ਜਮਹੂਰੀਅਤ ਵਿਰੋਧੀ, ਗੈਰ ਸੰਵਿਧਾਨਕ ਤੇ ਫਾਸ਼ੀ ਸੋਚ ਦਾ ਮੁਜਾਹਰਾ ਕਰਦੇ ਜਾਬਰ ਹੱਥਕੰਡਿਆਂ ਅਤੇ ਘੋਲ ਨੂੰ ਸਾਬੋਤਾਜ ਕਰਨ ਦੇ ਗੁੰਮਰਾਹਕੁੰਨ ਤੇ ਫੁੱਟ ਪਾਊ ਪੈਂਤੜਿਆਂ ਨੂੰ ਚਕਨਾਚੂਰ ਕਰਦਿਆਂ ਰਾਜਧਾਨੀ ਵੱਲ ਨੂੰ ਕੂਚ ਕੀਤਾ ਹੈ। ਕਿਸਾਨੀ ਨੇ ਦੇਸ਼ ਦੀ ਜਮਹੂਰੀ ਲਹਿਰ ਦੇ ਇਤਿਹਾਸ ‘ਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ ਹੈ। ਭਾਜਪਾ ਸਰਕਾਰਾਂ ਦੇ ਹੁਕਮਾਂ ‘ਤੇ ਜਿਸ ਵਹਿਸ਼ੀ ਢੰਗ ਨਾਲ ਪੁਲਸ ਤੇ ਦੂਸਰੇ ਅਰਧ ਸੈਨਿਕ ਬਲਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵੱਲ ਨੂੰ ਵਧ ਰਹੇ ਕਿਸਾਨਾਂ ਉਪਰ ਟੀਅਰ ਗੈਸ ਦੇ ਗੋਲੇ ਦਾਗੇ ਹਨ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਦੇਸ਼ ਦੇ ਅੰਨ ਦਾਤੇ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ।
ਆਗੂਆਂ ਨੇ ਆਖਿਆ ਕਿ ਇਸ ਨੇ ਫਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਤੇ ਅਮਾਨਵੀ ਚਿਹਰੇ ਨੂੰ ਪੂਰੀ ਤਰਾਂ ਬੇਨਕਾਬ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ‘ ‘ਮੌਤ ਨੂੰ ਮਖੌਲਾਂ‘ ਕਰਨ ਵਾਲੇ ਇਸ ਕਿਸਾਨ ਘੋਲ ਦੇ ਸਮਰਥਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ ਅਤੇ ਇਸ ਕਿਸਾਨ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਹਾਇਤਾ ਕੀਤੀ ਜਾਏਗੀ। ਉਹਨਾਂ ਆਖਿਆ ਕਿ ਕਿਸਾਨੀ ਦੇ ਇਸ ਘੋਲ ‘ਚ, ਜਿਸ ਢੰਗ ਨਾਲ ਸਮਾਜ ਦੇ ਸਾਰੇ ਵਰਗ, ਖਾਸਕਰ ਨੌਜਵਾਨਾਂ ਤੇ ਔਰਤਾਂ ਹਿੱਸਾ ਪਾ ਰਹੀਆਂ ਹਨ, ਉਹ ਦਰਸਾਉਂਦਾ ਹੈ ਕਿ ਜਨਤਾ ਦੇ ਹੜੵ ਅੱਗੇ ਕੋਈ ਵੀ ਤਾਨਾਸ਼ਾਹ ਹਾਕਮ ਜਬਰ ਸਹਾਰੇ ਖਲੋ ਨਹੀਂ ਸਕਦਾ ਤੇ ਨਾ ਹੀ ਉਸ ਦੇ ਝੂਠੇ ਮੱਕੜਜਾਲ ‘ਚ ਲੰਮਾ ਸਮਾਂ ਮਿਹਨਤਕਸ਼ਾਂ ਨੂੰ ਫਸਾ ਕੇ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਐਲਾਨ ਕੀਤਾ ਗਿਆ ਕਿ ਕਿਸਾਨਾਂ ਦੇ ਹੱਕ ‘ਚ ਪੰਜਾਬ ਭਰ ‘ਚ ਮੀਟਿੰਗਾਂ, ਅਰਥੀ ਫੂਕ ਮੁਜ਼ਾਹਰੇ ਤੇ ਜਲਸੇ-ਜਲੂਸ ਕੱਢਕੇ ਵਿਸ਼ਾਲ ਲੋਕ ਲਾਮਬੰਦੀ ਕੀਤੀ ਜਾਵੇਗੀ ਤਾਂ ਕਿ ਮੋਦੀ ਸਰਕਾਰ ਦੀਆਂ ਦੇਸ਼ ਦੀ ਸੰਪਤੀ ਅਤੇ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਤੇ ਹਰ ਲੋੜੀਂਦੀ ਵਸਤੂ ਦੇ ਕਾਰਪੋਰੇਟ ਜਖੀਰੇਬਾਜਾਂ ਵੱਲੋਂ ਕਾਲਾ ਬਜ਼ਾਰੀ ਰਾਹੀਂ ਉਚੀਆਂ ਕੀਮਤਾਂ ਨਾਲ ਖਪਤਕਾਰਾਂ ਦਾ ਰੱਤ ਪੀਣ ਦੀ ਨੀਤੀ ਨੂੰ ਭਾਂਜ ਦਿੱਤੀ ਜਾ ਸਕੇ। ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸਾਥੀ ਪਿ੍ਰਥੀਪਾਲ ਸਿੰਘ ਮਾੜੀ ਮੇਘਾ, ਹਰਕੰਵਲ ਸਿੰਘ, ਅਜਮੇਰ ਸਿੰਘ ਸਮਰਾ, ਸੁਖਦਰਸ਼ਨ ਨੱਤ, ਜਸਵੰਤ ਜੀਰਖ, ਪਰਮਜੀਤ ਸਿੰਘ ਜੀਰਾ, ਮੰਗਤ ਰਾਮ ਲੌਂਗੋਵਾਲ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । ਸਾਥੀ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਕੁਲਵਿੰਦਰ ਸਿੰਘ ਵੜੈਚ, ਕੰਵਲਜੀਤ ਖੰਨਾ, ਰਾਜੇਸ਼ ਮਲਹੋਤਰਾ, ਕਿਰਨਜੀਤ ਸੇਖੋਂ, ਨਰਿੰਦਰ ਕੁਮਾਰ ਨਿੰਦੀ ਨੇ ਸੰਬੋਧਨ ਕੀਤਾ।