ਹਰੀਸ਼ ਕਾਲੜਾ
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਐਂਡ ਕੱਲਚਰ ਕਲੱਬ ਵਲੋਂ ਅਯੋਜਿਤ 32ਵੇਂ ਕੈਂਪ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ
ਸ੍ਰੀ ਅਨੰਦਪੁਰ ਸਾਹਿਬ, 30 ਨਵੰਬਰ 2020 :ਸਾਡੀ ਅਮੀਰ ਵਿਰਾਸਤ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਲੈ ਕੇ ਜਾਣ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਇਸ ਤਰ੍ਹਾਂ ਸਾਡੇ ਬੱਚਿਆਂ ਖਾਸ ਤੋਰ ਤੇ ਨਵੀਂ ਪੀੜੀ ਨੂੰ ਜੋ ਸੁਨੇਹਾ ਅਜਿਹੇ ਸਮਾਰੋਹ ਰਾਹੀਂ ਮਿਲਦਾ ਹੈ ਉਸਦੇ ਨਾਲ ਸਾਡਾ ਵਿਰਸਾ ਹੋਰ ਅਮੀਰ ਹੋ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਾਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਐਂਡ ਕੱਲਚਰ ਕਲੱਬ ਮਾਂਗੇਵਾਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਜਾ ਰਹੇ 32ਵੇਂ ਹਕੀਮ ਖੁਸਹਾਲ ਸਿੰਘ ਯਾਦਗਾਰੀ ਮੁਫਤ ਦਮਾ ਕੈਂਪ ਮੋਕੇ ਕੀਤਾ। ਉਹਨਾਂ ਕਿਹਾ ਕਿ ਅੱਜ ਚੋਥਾ ਮਹਾਂਰਾਣੀ ਚੰਪਾ ਦੇਵੀ ਸਨਮਾਨ ਸਮਾਰੋਹ ਵੀ ਅਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਸੱਸ ਸੋਹਰੇ ਦੀ ਸੇਵਾ ਕਰਨ ਵਾਲੀਆਂ ਨੂੰਹਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ਹੈ ਅਤੇ ਕੋਵਿਡ ਦੋਰਾਨ ਪੂਰੀ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਸਿਹਤ ਕਰਮਚਾਰੀਆਂ/ਜਰਨੈਲਾਂ ਦਾ ਵੀ ਅੱਜ ਇਥੇ ਵਿਸੇਸ਼ ਸਨਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਯੋਧਿਆ ਨੇ ਕਰੋਨਾ ਨੂੰ ਹਰਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਆਮ ਲੋਕਾਂ ਨੂੰ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਇਆ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅੱਜ ਬਹੁਤ ਹੀ ਪਵਿੱਤਰ ਤੇ ਮਹਾਨ ਦਿਹਾੜਾ ਹੈ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਤਕ ਦੀ ਪੁਨਿੰਆਂ ਵਾਲੇ ਦਿਨ ਅਯੋਜਿਤ ਇਸ ਕੈਂਪ ਦਾ ਮਹੱਤਵ ਹੋਰ ਵੱਧ ਜਾਦਾ ਹੈ। ਉਹਨਾਂ ਕਿਹਾ ਕਿ ਇਸ ਸਨਮਾਨ ਸਮਾਰੋਹ ਅਤੇ ਕੈਂਪ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੋਕੇ ਇਸ ਕੈਂਪ ਦਾ ਅਯੋਜਨ ਕੀਤਾ ਹੈ। ਬਾਬਾ ਨਾਨਕ ਜੀ ਦਾ ਜੀਵਨ ਸਮੁੱਚੀ ਲੋਕਾਈ ਨੂੰ ਪ੍ਰਰੇਣਾ ਦੇ ਰਿਹਾ ਹੈ। ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਅਗਿਆਨ ਦੇ ਹਨੇਰੇ ਵਿਚੋਂ ਬਾਹਰ ਕੱਢ ਕੇ ਨਵੀਂ ਰੋਸ਼ਨੀ ਵਿਖਾਈ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਨ ਲਈ ਹੋਰ ਸੰਗਠਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਧਰਮ ਅਤੇ ਇਤਿਹਾਸ ਬਾਰੇ ਜਾਣੂ ਹੋ ਸਕਣਗੀਆਂ।
ਇਸ ਤੋਂ ਪਹਿਲਾਂ ਠਾਕੁਰ ਰਾਮ ਲਾਲ ਜੀ ਸਾਬਕਾ ਮੰਤਰੀ ਤੇ ਮੋਜੂਦਾ ਵਿਧਾਇਕ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ ਮਿਨਹਾਸ ਪਰਿਵਾਰ ਤੇ ਉਹਨਾਂ ਦੇ ਸਹਿਯੋਗੀ ਪਿਛਲੇ ਲੰਮੇ ਅਰਸੇ ਤੋਂ ਇਹ ਕੈਂਪ ਲਗਾ ਰਹੇ ਹਨ। ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ। ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਨੇ ਕਿਹਾ ਕਿ ਇਹ ਕੈਂਪ ਪਿਛਲੇ 229 ਸਾਲਾਂ ਤੋਂ ਹਰ ਸਾਲ ਗੁਰੂ ਨਾਨਕ ਦੇਵੀ ਜੀ ਦੇ ਜਨਮਦਿਨ ਤੇ ਕੱਤਕ ਦੀ ਪੁਨਿੰਆ ਨੂੰ ਲੱਗਦਾ ਹੈ। ਉਹਨਾਂ ਕਿਹਾ ਕਿ ਇਹ ਕੈਂਪ ਲਗਾਤਾਰ ਜਾਰੀ ਰਹੇਗਾ ਅਤੇ ਅਸੀਂ ਆਪਣੇ ਬੱਚਿਆ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ।
ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਦਾ ਸੰਸਥਾ ਵਲੋਂ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸੀ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਜਿਲ੍ਹਾ ਕਮਾਂਡੈਟ ਸ੍ਰੀ ਢਿਲੋਂ, ਡਾ ਮਨਿੰਦਰਜੀਤ ਕੋਰ, ਤਹਿਸੀਲਦਾਰ ਰਾਮ ਕ੍ਰਿਸ਼ਨ, ਹਰਪਾਲ ਸਿੰਘ ਗੰਗੂਵਾਲ, ਗੁਰਚਰਨ ਸਿੰਘ ਕਟਵਾਲ, ਅਮਰੀਕ ਸਿੰਘ ਕਟਵਾਲ, ਆਤਮਾ ਘੱਟੀਵਾਲ, ਦਮਨਪ੍ਰੀਤ ਕੋਰ ਮਿਨਹਾਸ, ਕੁਲਦੀਪ ਸਿੰਘ ਦਿਓਲ, ਗਿਆਨੀ ਰਾਮ ਪ੍ਰਕਾਸ਼, , ਕੁਲਦੀਪ ਸਿੰਘ ਪਰਮਾਰ, ਤੇਜਿੰਦਰਪਾਲ ਸਿੰਘ ਰਤਨ,ਗੁਰਮੇਜ ਸਿੰਘ, ਰਾਣਾ ਰਣਬਹਾਦਰ ਸਿੰਘ ਆਦਿ ਪੱਤਵੱਤੇ ਹਜ਼ਾਰ ਸਨ।