ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 30 ਨਵੰਬਰ 2020 - ਤਿੰਨ ਮਹਿਲਾ ਅਧਿਕਾਰੀਆਂ ਜੋ ਕਿ ਪ੍ਰਸ਼ਾਸਕੀ ਸੇਵਾਵਾਂ ਵਿੱਚ ਅਹਿਮ ਅਹੁਦਿਆਂ 'ਤੇ ਬਾਖੂਬੀ ਸੇਵਾਵਾਂ ਨਿਭਾ ਰਹੀਆਂ ਹਨ ਵਲੋਂ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗਏ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪੱਲ, ਐਸ.ਐਸ.ਪੀ.ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਅਤੇ ਉਪ ਮੰਡਲ ਮੈਜਿਸਟਰੇਟ ਡਾ.ਚਾਰੂਮਿਤਾ ਆਪਣੀ ਪ੍ਰਸ਼ਾਸਕੀ ਟੀਮ ਨਾਲ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਜਿਸ ਵਿੱਚ 4 ਲੱਖ ਤੋਂ ਵੱਧ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਏਨੀ ਵੱਡੀ ਗਿਣਤੀ ਵਿੱਚ ਸੰਗਤ ਦੀ ਹਰ ਸਹੂਲਤ ਜਿਵੇਂ ਕਿ ਸੁਰੱਖਿਆ, ਪੀਣ ਵਾਲੇ ਪਾਣੀ ਅਤੇ ਪਖ਼ਾਨਿਆਂ ਦੀ ਸਹੂਲਤ ਤੋਂ ਇਲਾਵਾ ਹਰ ਤਰਾਂ ਦੇ ਲੋੜੀਂਦੇ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਕੀਤਾ ਗਿਆ।
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਇਹ ਤਿੰਨੋ ਮਹਿਲਾ ਅਧਿਕਾਰੀ ਲਗਾਤਾਰ ਫੀਲਡ ਵਿੱਚ ਪਿਛਲੇ 10 ਦਿਨਾਂ ਦੌਰਾਨ ਤਾਇਨਾਤ ਰਹੇ ਅਤੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ।
ਡਿਪਟੀ ਕਮਿਸ਼ਨਰ ਦੀਪਤੀ ਉਪਲ ਜੋ ਕਿ 2011 ਬੈਚ ਦੇ ਆਈ.ਏ.ਐਸ.ਅਧਿਕਾਰੀ ਹਨ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਕਈ ਸਿਹਤ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਏਨੀ ਵੱਡੀ ਗਿਣਤੀ ਵਿੱਚ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸੰਗਤ ਦੇ ਸ਼ਾਮਿਲ ਹੋਣ ਸਮੇਂ ਕੋਵਿਡ-19 ਸਬੰਧੀ ਸਿਹਤ ਨਿਯਮਾਂ ਦੀ ਪਾਲਣਾ ਕਰਵਾਉਣਾ ਚੁਣੌਤੀ ਭਰਪੂਰ ਕੰਮ ਸੀ। ਉਨਾਂ ਦੱਸਿਆ ਕਿ ਅੱਜ ਦੇ ਸਮਾਗਮਾਂ ਦੌਰਾਨ 50000 ਦੇ ਕਰੀਬ ਮਾਸਕ ਵੰਡੇ ਗਏ ਸਨ ਅਤੇ ਹੱਥ ਧੋਣ ਲਈ 50 ਹੈਂਡ ਵਾਸ਼ ਕਿਉਸਿਕ ਅਤੇ ਸੈਨੀਟਾਈਜ਼ਰ ਲਗਵਾਏ ਗਏ ਸਨ ਤਾਂ ਜੋ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਫ਼ਲ ਬਣਾਉਣ ਲਈ ਹਰੇਕ ਅਧਿਕਾਰੀ ਤੇ ਕਰਮਚਾਰੀ ਵਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭ ਦੇ ਵੱਡਮੁੱਲੇ ਸਹਿਯੋਗ ਸਦਕਾ ਹੀ ਅਸੀਂ ਸਾਰੇ ਇਨਾਂ ਸਮਾਗਮਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਵਿੱਚ ਸਫ਼ਲ ਹੋ ਸਕੇ ਹਾਂ।
ਐਸ.ਐਸ.ਪੀ.ਕਪੂਰਥਲਾ ਜੋ ਕਿ 2013 ਬੈਚ ਦੇ ਆਈ.ਪੀ.ਐਸ.ਅਧਿਕਾਰੀ ਹਨ ਅਤੇ ਜਿਨਾਂ ਨੇ ਹਾਲ ਹੀ ਵਿੱਚ ਕਪੂਰਥਲਾ ਵਿਖੇ ਅਹੁਦਾ ਸੰਭਾਲਿਆ ਹੈ ਨੇ ਦੱਸਿਆ ਕਿ 24 ਘੰਟੇ ਸੁਰੱਖਿਆ ਪ੍ਰਬੰਧਾਂ ਦੀ ਨਜ਼ਰਸਾਨੀ ਲਈ 2000 ਦੇ ਕਰੀਬ ਪੁਲਿਸ ਕਰਮੀਆਂ ਨੂੰ ਤਾਇਨਾਤ ਕਰਨ ਤੋਂ ਇਲਾਵਾ ਸੀ.ਸੀ.ਟੀ.ਵੀ.ਕੈਮਰੇ ਅਤੇ ਵਿਸ਼ੇਸ਼ ਜਾਂਚ ਟੀਮਾਂ ਲਗਾਈਆਂ ਗਈਆਂ ਸਨ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਣ ਲਈ ਸੁਲਤਾਨਪੁਰ ਲੋਧੀ ਨੂੰ ਆਉਂਦੀਆਂ ਮੁੱਖ ਸੜਕਾਂ 'ਤੇ ਵਾਹਨਾਂ ਲਈ ਛੇ ਪਾਰਕਿੰਗ ਥਾਵਾਂ ਬਣਾਈਆਂ ਗਈਆਂ ਸਨ।
ਐਸ.ਡੀ.ਐਮ.ਡਾ.ਚਾਰੂਮਿਤਾ ਜੋ ਕਿ 2013 ਬੈਚ ਦੇ ਪੀ.ਸੀ.ਐਸ.ਅਧਿਕਾਰੀ ਹਨ ਅਤੇ ਸਮਾਗਮਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਗਠਿਤ ਵੱਖ-ਵੱਖ ਟੀਮਾਂ ਦੇ ਮੁੱਖ ਮੈਂਬਰ ਸਨ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਵਲੋਂ ਗੁਰੂ ਘਰ ਨਤਮਸਤਕ ਹੋਣ ਦੇ ਮੱਦੇਨਜ਼ਰ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਸੀ, ਪਰ ਇਸ ਕੰਮ ਨੂੰ ਬਹੁਤ ਹੀ ਬਹਿਤਰੀਨ ਤਰੀਕੇ ਨਾਲ ਨੇਪਰੇ ਚਾੜਨ ਲਈ ਨਗਰ ਕੌਂਸਲਾਂ ਆਦਮਪੁਰ, ਭੋਗਪੁਰ, ਸ਼ਾਹਕੋਟ, ਨਕੋਦਰ, ਟਾਂਡਾ, ਦਸੂਹਾ , ਨਡਾਲਾ ਅਤੇ ਹੋਰਨਾਂ ਤੋਂ 550 ਸਫ਼ਾਈ ਸੇਵਕਾਂ ਦੀ ਸਹਾਇਤਾ ਲਈ ਗਈ। ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪਵਿੱਤਰ ਵੇਈਂ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ 20 ਤੋਂ ਜ਼ਿਆਦਾ ਘੋਤਾਖੋਰਾਂ ਨੂੰ ਤਾਇਨਾਤ ਕੀਤਾ ਗਿਆ ਸੀ।