ਜਗਦੀਸ਼ ਥਿੰਦ
ਅਬੋਹਰ/ਫਾਜ਼ਿਲਕਾ, 30 ਨਵੰਬਰ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਉਪਮੰਡਲ ਅਬੋਹਰ ਅਧੀਨ ਪੈਂਦੇ ਪਿੰਡ ਹਰੀਪੁਰਾ ਵਿਖੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤ `ਤੇ ਸਥਾਪਿਤ ਕੀਤੇ ਗਏ ਗੁਰਦੁਆਰਾ ਵੱਡ ਤੀਰਥ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆਵਾਂ ਤੇ ਵਿਚਾਰਾਂ ਤੋਂ ਸਾਰਾ ਸੰਸਾਰ ਜਾਣੂੰ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਗੁਰੂ ਸਾਹਿਬਾਨਾਂ ਦੀ ਸਿਖਿਆਵਾਂ `ਤੇ ਚਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਹਮੇਸ਼ਾ ਸਾਨੂੰ ਸਿਧੇ ਰਾਹਾਂ `ਤੇ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨੇ 550 ਸਾਲ ਪਹਿਲਾਂ ਸਾਨੂੰ ਸਿਖਿਆਵਾਂ ਦਿੱਤੀਆਂ ਸੀ ਉਨ੍ਹਾਂ ਸਿਖਿਆਵਾਂ ਦੀ ਅੱਜ ਵੀ ਬਹੁਤ ਜ਼ਰੂਰਤ ਤੇ ਉਨ੍ਹਾਂ ਸਿਖਿਆਵਾਂ ਨੂੰ ਅਪਣਾ ਕੇ ਹੀ ਅਸੀਂ ਜਾਤ-ਪਾਤ, ਅਮੀਰੀ-ਗਰੀਬੀ ਵਰਗੀਆਂ ਨਾਕਾਰਾਤਮਕ ਬੁਰਾਈਆਂ ਤੋਂ ਦੂਰ ਰਹਿ ਸਕਦੇ ਹਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਵੀ ਸੁਣੇ ਗਏ। ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਰੋਪਾ ਭੇਂਟ ਕੀਤਾ ਗਿਆ।ਡਿਪਟੀ ਕਮਿਸ਼ਨਰ ਵੱਲੋਂ ਨਿਸ਼ਾਨ ਸਾਹਿਬ `ਤੇ ਮੱਥਾ ਟੇਕਦਿਆਂ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ।
ਇਸ ਉਪਰੰਤ ਪਿੰਡ ਦੇ ਮੋਹਤਵਾਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਪਿੰਡ ਹਰੀਪੁਰਾ ਵਿਖੇ ਹੋਣ ਵਾਲੇ ਲੋੜੀਂਦੇ ਵਿਕਾਸ ਕਾਰਜਾਂ ਬਾਰੇ ਜਾਣੂੰ ਕਰਵਾਇਆ ਗਿਆ ਜਿਸ ਨੂੰ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ਼ ਦਵਾਇਆ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ `ਤੇ ਪਹਿਲ ਦੇ ਆਧਾਰ ਵਿਕਾਸ ਕਾਰਜਾਂ ਨੂੰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਪਿੰਡ ਵਿਖੇ ਬਣੇ ਖੇਡ ਸਟੇਡੀਅਮ `ਚ ਸੁਧਾਰ ਕੀਤੇ ਜਾਣ ਸਬੰਧੀ ਵੀ ਅਧਿਕਾਰੀਆਂ ਨੂੰ ਲੋਂੜੀਂਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰੀਨ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਹੈ। ਜਦੋਂ ਵੀ ਬਾਹਰ ਜਾਇਆ ਜਾਵੇ ਮਾਸਕ ਲਾਜ਼ਮੀ ਪਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਨਵਲ ਰਾਮ, ਐਸ.ਪੀ. ਜਗਦੀਸ਼ ਬਿਸ਼ਨੋਈ, ਐਸ.ਡੀ.ਐਮ. ਅਬੋਹਰ ਸ. ਜ਼ਸਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਸ੍ਰੀ ਰਾਕੇਸ਼ ਗਰੋਵਰ, ਬੀ.ਡੀ.ਓ. ਵਰਿੰਦਰ ਕੁਮਾਰ, ਬਾਬਾ ਸੁਚਾ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸਜਨ ਮੌਜੂਦ ਸਨ।