ਗੁਰਿੰਦਰਜੀਤ ਨੀਟਾ ਮਾਛੀਕੇ,
ਫਰਿਜ਼ਨੋ (ਕੈਲੀਫੋਰਨੀਆ), 30 ਨਵੰਬਰ 2020: ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਅਤੇ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਵਾਈਟ ਹਾਊਸ ਵਿੱਚ ਇੱਕ ਵੱਖਰਾ ਦ੍ਰਿਸ਼ਟੀਕੋਣ ਲਿਆਉਣ ਦੇ ਉਦੇਸ਼ ਨਾਲ ਇੱਕ ਫੀਮੇਲ ਕਮਿਊਨੀਕੇਸ਼ਨ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਓਬਾਮਾ ਪ੍ਰਸ਼ਾਸਨ ਦੌਰਾਨ ਟ੍ਰਾਂਸਜਿਸ਼ਨ ਟੀਮ ਦੀ ਮੈਂਬਰ ਵਜੋਂ ਸੇਵਾ ਨਿਭਾਉਣ ਵਾਲੀ ਜੇਨ ਸਾਕੀ ਨੂੰ ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਵਜੋਂ ਚੁਣਿਆ ਗਿਆ ਹੈ ਜਦਕਿ ਕੇਟ ਬੇਡਿੰਗਫੀਲਡ, ਜੋ ਕਿ ਬਾਈਡਨ-ਹੈਰਿਸ ਮੁਹਿੰਮ ਦੀ ਡਿਪਟੀ ਮੈਨੇਜਰ ਸੀ ਅਤੇ ਹੁਣ ਵ੍ਹਾਈਟ ਹਾਊਸ ਦੀ ਸੰਚਾਰ ਡਾਇਰੈਕਟਰ ਹੋਵੇਗੀ। ਬਾਈਡੇਨ ਨੇ ਇਸ ਟੀਮ ਨੂੰ ਯੋਗ ਅਤੇ ਤਜ਼ਰਬੇਕਾਰ ਦੱਸਿਆ ਹੈ ਜੋ ਕਿ ਦੇਸ਼ ਨੂੰ ਮੁੜ ਤੋਂ ਬਿਹਤਰ ਬਣਾਉਣ ਲਈ ਕੰਮ ਕਰੇਗੀ। ਇਸ ਟੀਮ ਦੇ ਹੋਰ ਮੈਂਬਰਾਂ ਵਿੱਚ ਬਾਈਡਨ ਮੁਹਿੰਮ ਦੀ ਸਾਇਮਨ ਸੈਂਡਰਜ਼ ਹੁਣ ਹੈਰਿਸ ਦੀ ਸੀਨੀਅਰ ਸਲਾਹਕਾਰ ਅਤੇ ਮੁੱਖ ਬੁਲਾਰਾ ਹੋਵੇਗੀ ਅਤੇ ਬਾਈਡੇਨ-ਹੈਰਿਸ ਮੁਹਿੰਮ ਦੀ ਇੱਕ ਸੀਨੀਅਰ ਸਲਾਹਕਾਰ ਐਲਿਜ਼ਾਬੈਥ ਅਲੈਗਜ਼ੈਂਡਰ, ਜੋ ਕਿ ਹਣ ਫਸਟ ਲੇਡੀ ਜਿਲ ਬਾਈਡੇਨ ਦੀ ਸੰਚਾਰ ਨਿਰਦੇਸ਼ਕ ਵਜੋਂ ਨਿਯੁਕਤ ਹੋਵੇਗੀ। ਇਸ ਤੋਂ ਇਲਾਵਾ ਐਸ਼ਲੇ ਏਟੀਨੇ ਨੂੰ ਕਮਲਾ ਹੈਰਿਸ ਦੀ ਸੰਚਾਰ ਨਿਰਦੇਸ਼ਕ ਦਾ ਕੰਮ ਸੌਂਪਿਆ ਜਾਵੇਗਾ।
ਬਾਈਡੇਨ ਦੁਆਰਾ ਤਿਆਰ ਕੀਤੀ ਗਈ ਇਸ ਮਹਿਲਾ ਟੀਮ ਦੀ ਕਰੀਨ ਜੀਨ ਪਿਅਰੇ ਉਪ ਪ੍ਰੈਸ ਸਕੱਤਰ ਦਾ ਅਹੁਦਾ ਸੰਭਾਲੇਗੀ ਜਦਕਿ ਪਿਲੀ ਟੋਬਰ ,ਜਿਸਨੇ ਬਾਈਡਨ-ਹੈਰਿਸ ਮੁਹਿੰਮ ਦੀ ਡਾਇਰੈਕਟਰ ਅਤੇ ਅਮਰੀਕਾ ਦੀ ਆਵਾਜ਼ ਲਈ ਸਾਬਕਾ ਡਿਪਟੀ ਡਾਇਰੈਕਟਰ ਦੀਆਂ ਸੇਵਾਵਾਂ ਨਿਭਾਈਆਂ ਹਨ ਨੂੰ ਹਣ ਇਸ ਟੀਮ ਵਿੱਚ ਵ੍ਹਾਈਟ ਹਾਊਸ ਦੀ ਡਿਪਟੀ ਸੰਚਾਰ ਨਿਰਦੇਸ਼ਕ ਦਾ ਸਥਾਨ ਦਿੱਤਾ ਗਿਆ ਹੈ।ਇਸ ਟੀਮ ਤੋਂ ਇਲਾਵਾ ਬਾਈਡੇਨ ਨੇ ਕਈ ਹੋਰ ਚੋਟੀ ਦੇ ਪ੍ਰਸ਼ਾਸਨਿਕ ਪਦਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਸਾਬਕਾ ਫੈਡਰਲ ਰਿਜ਼ਰਵ ਚੇਅਰ ਜੇਨੇਟ ਯੇਲੇਨ ਨੂੰ ਖਜ਼ਾਨਾ ਸਕੱਤਰ ਅਤੇ ਸਾਬਕਾ ਸੈਕਟਰੀ ਆਫ ਸਟੇਟ ਜਾਨ ਕੈਰੀ ਨੂੰ ਆਪਣਾ ਜਲਵਾਯੂ ਸਲਾਹਕਾਰ ਨਿਯੁਕਤ ਕੀਤਾ ਹੈ।ਇਸਦੇ ਨਾਲ ਹੀ ਉਹਨਾਂ ਦੇ ਲੰਮੇ ਸਮੇਂ ਤੋਂ ਸਹਾਇਕ ਰੋਨ ਕਲੇਨ, ਚੀਫ ਆਫ ਸਟਾਫ ਹੋਣਗੇ। ਇਸ ਸਭ ਦੇ ਨਾਲ ਬਾਇਡਨ ਆਪਣੀ ਪਹਿਲੀ ਰਾਸ਼ਟਰਪਤੀ ਦੀ ਰੋਜ਼ਾਨਾ ਬ੍ਰੀਫਿੰਗ ਵੀ ਪ੍ਰਾਪਤ ਕਰਨਗੇ।