ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 30 ਨਵੰਬਰ 2020: ਵਿਸਕਾਨਸਿਨ ਦੀ ਡੇਨ ਕਾਉਂਟੀ 'ਚ ਵੋਟਾਂ ਦੀ ਗਿਣਤੀ ਪੂਰੀ ਹੋਣ ਤੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਅਹਿਮ ਲੜਾਈ ਵਿੱਚ ਟਰੰਪ ਨੂੰ ਹਰਾ ਕੇ ਫਿਰ ਬਾਜੀ ਜਿੱਤ ਲਈ ਹੈ। ਵਿਸਕਾਨਸਿਨ ਚੋਣ ਕਮਿਸ਼ਨ ਅਨੁਸਾਰ, ਰਾਜ ਚੋਣ ਨਤੀਜਿਆਂ ਦੀ ਤਸਦੀਕ ਕਰੇਗਾ। ਡੇਨ ਕਾਉਂਟੀ ਦੀ ਮੁੜ ਗਿਣਤੀ ਵਿੱਚ ਰਾਸ਼ਟਰਪਤੀ ਟਰੰਪ ਨੂੰ ਸ਼ੁਰੂਆਤੀ ਗਿਣਤੀ ਨਾਲੋਂ 45 ਹੋਰ ਵੋਟਾਂ ਮਿਲੀਆਂ ਜਦਕਿ ਮਿਲਵਾਕੀ ਕਾਉਂਟੀ, ਜਿਸ ਨੇ ਸ਼ੁੱਕਰਵਾਰ ਨੂੰ ਆਪਣੀ ਗਿਣਤੀ ਪੂਰੀ ਕੀਤੀ ਸੀ, ਨੇ ਬਾਈਡੇਨ ਨੂੰ 132 ਹੋਰ ਵੋਟਾਂ ਦਿੱਤੀਆਂ ਸਨ, ਜਿਸ ਨਾਲ ਬਾਈਡੇਨ ਨੇ 87 ਵੋਟਾਂ ਨਾਲ ਬੜਤ ਬਣਾਈ ਹੈ। ਟਰੰਪ ਦੀ ਮੁਹਿੰਮ ਵਿੱਚ ਡੇਨ ਕਾਉਂਟੀ 'ਚ ਵਿਅਕਤੀਗਤ ਤੌਰ 'ਤੇ ਜਮ੍ਹਾ ਹੋਏ ਸਾਰੇ ਗੈਰਹਾਜ਼ਰ ਬੈਲਟ ਬਾਹਰ ਸੁੱਟਣ ਦੀ ਮੰਗ ਕੀਤੀ ਗਈ ਸੀ, ਜਿਸ ਵਿਚ ਤਕਰੀਬਨ 69,000 ਵੋਟਾਂ ਪਈਆਂ ਸਨ ਅਤੇ ਇਸ ਪਟੀਸ਼ਨ ਨੂੰ ਮੁੜ ਗਿਣਤੀ ਦੇ ਪਹਿਲੇ ਦਿਨ 20 ਨਵੰਬਰ ਨੂੰ ਵਿਸਕਾਨਸਿਨ ਬੋਰਡ ਆਫ ਕੈਨਵੇਸਰਜ਼ ਨੇ ਖਾਰਜ ਕਰ ਦਿੱਤਾ ਸੀ।ਇਸ ਸੂਬੇ ਦੀ ਮੁੜ ਗਿਣਤੀ ਸੰਬੰਧੀ ਬਾਈਡੇਨ ਮੁਹਿੰਮ ਦੇ ਵਿਸਕਾਨਸਿਨ ਸਟੇਟ ਦੇ ਡਾਇਰੈਕਟਰ, ਡੈਨੀਅਲ ਮੈਲਫੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੁਬਾਰਾ ਗਿਣਤੀ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਜਿੱਤ ਪ੍ਰਾਪਤ ਕਰਵਾਈ ਹੈ।ਵਿਸਕਾਨਸਿਨ ਤੋਂ ਇਲਾਵਾ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ ਅਤੇ ਨੇਵਾਡਾ ਵਿੱਚ ਵੀ ਟਰੰਪ ਦੀ ਮੁਹਿੰਮ ਦੁਆਰਾ ਚੋਣਾਂ ਸੰਬੰਧੀ ਕਾਨੂੰਨੀ ਚੁਣੌਤੀਆਂ ਅਸਫਲ ਹੋ ਗਈਆਂ ਹਨ।