ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 30 ਨਵੰਬਰ 2020: ਅਮਰੀਕੀ ਕੰਪਨੀ ਮੌਡਰਨਾ ਜੋ ਕਿ ਕੋਰੋਨਾ ਵਾਇਰਸ ਦੇ ਤੋੜ ਲਈ ਇੱਕ ਟੀਕਾ ਬਨਾਉਣ ਵਿੱਚ ਮੋਹਰੀ ਕੰਪਨੀ ਹੈ , ਸੋਮਵਾਰ ਨੂੰ ਨਿਯਮਤ ਪ੍ਰਵਾਨਗੀ ਲਈ ਆਪਣਾ ਕੋਰੋਨਾ ਵਾਇਰਸ ਟੀਕਾ ਐਫ ਡੀ ਏ ਨੂੰ ਜਮ੍ਹਾ ਕਰਵਾਏਗੀ। ਮੈਸੇਚਿਉਸੇਟਸ ਦੀ ਬਾਇਓਟੈਕ ਫਰਮ ਅਨੁਸਾਰ ਉਹ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਨੂੰ ਆਪਣੇ ਪ੍ਰੀਖਣ ਦੇ ਤੀਜੇ ਪੜਾਅ ਨੂੰ ਪਾਰ ਕਰਨ 'ਤੇ 94.1 ਪ੍ਰਤੀਸ਼ਤ ਪ੍ਰਭਾਵਸ਼ੀਲਤਾ ਨਾਲ ,ਇਸਦੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਲਈ ਕਹੇਗੀ। ਇਸ ਤੋਂ ਇਲਾਵਾ, ਮੌਡਰਨਾ ਨੇ ਕਿਹਾ ਹੈ ਕਿ ਇਹ ਟੀਕਾ ਬਿਮਾਰੀ ਦੇ ਗੰਭੀਰ ਮਾਮਲਿਆਂ ਨੂੰ ਰੋਕਣ ਲਈ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਕੰਪਨੀ ਦੇ ਇੱਕ ਬਿਆਨ ਅਨੁਸਾਰ ਇਸ ਟੀਕੇ ਦੇ ਨਤੀਜੇ ਪ੍ਰੀਖਣਾਂ ਦੌਰਾਨ ਸਾਰੀ ਉਮਰ, ਨਸਲ ਅਤੇ ਲਿੰਗ ਸ਼੍ਰੇਣੀਆਂ ਵਿੱਚ ਇਕੋ ਜਿਹੇ ਸਨ। ਇਸ ਵਿੱਚ ਹੁਣ ਤੱਕ ਸਿਹਤ ਸੁਰੱਖਿਆ ਦੀ ਕੋਈ ਗੰਭੀਰ ਚਿੰਤਾ ਨਹੀਂ ਹੈ ਅਤੇ ਇਸ ਦੇ ਕੁੱਝ ਆਮ ਪ੍ਰਭਾਵ ਥਕਾਵਟ, ਸਿਰ ਦਰਦ, ਅਤੇ ਮਾਸਪੇਸ਼ੀ ਅਤੇ ਜੋੜਾਂ ਦੇ ਦਰਦ ਆਦਿ ਹਨ। ਮੌਡਰਨਾ ਨੂੰ ਉਮੀਦ ਹੈ ਕਿ ਐਫ ਡੀ ਏ ਦੀ ਟੀਕਾਕਰਣ ਅਤੇ ਜੀਵ ਵਿਗਿਆਨ ਉਤਪਾਦਾਂ ਦੀ ਸਲਾਹਕਾਰ ਕਮੇਟੀ 17 ਦਸੰਬਰ ਨੂੰ ਇਸ ਬਾਰੇ ਵਿਚਾਰ ਵਟਾਂਦਰੇ ਕਰੇਗੀ। ਮਾਡਰਨਾ ਕੰਪਨੀ ਨੂੰ ਆਪਣੇ ਟੀਕੇ ਦੇ ਵਿਕਾਸ ਅਤੇ ਉਤਪਾਦਨ ਲਈ ਸੰਯੁਕਤ ਰਾਜ ਦੀ ਫੈਡਰਲ ਸਰਕਾਰ ਦੁਆਰਾ 1 ਬਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਪ੍ਰਾਪਤ ਹੋਈ ਹੈ ਜਦਕਿ ਇਸ ਨੂੰ ਅਮਰੀਕੀ ਲੋਕਾਂ ਨੂੰ ਸਪਲਾਈ ਕਰਨ ਲਈ 1.5 ਬਿਲੀਅਨ ਡਾਲਰ ਹੋਰ ਮਿਲੇ ਹਨ। ਇਸ ਕੰਪਨੀ ਨੇ ਟੀਕੇ ਨੂੰ ਬਨਾਉਣ ਲਈ ਲੱਗਭਗ 30,000 ਲੋਕ ਆਪਣੇ ਪ੍ਰੀਖਣਾਂ ਵਿੱਚ ਸ਼ਾਮਲ ਕੀਤੇ ਸਨ।