ਅਸ਼ੋਕ ਵਰਮਾ
ਮਾਨਸਾ, 1 ਦਸੰਬਰ 2020 - ਸਿਹਤ ਵਿਭਾਗ ਖਿਆਲਾਂ ਕਲਾਂ ਦੀ ਟੀਮ ਨੇ ਡੇਂਗੂ ਪ੍ਰਭਾਵਿਤ ਪਿੰਡ ਖਿਆਲਾ, ਮਲਕਪੁਰ ਅਤੇ ਖਿਆਲਾ ਖੁਰਦ ਵਿਖੇ ਘਰ-2 ਜਾ ਕੇ ਸਰਵੇ ਕੀਤਾ ਜਿਸ ਦੌਰਾਨ ਪਾਣੀ ਦੀਆਂ ਟੈਂਕੀਆਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ, ਟਾਇਰਾਂ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਖੇਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਦੇਖਿਆ ਗਿਆ ਕਿ ਅਜੇ ਵੀ ਬਹੁਤ ਸਾਰੇ ਲੋਕ ਡੇਂਗੂ ਦੇ ਲਾਰਵੇ ਸਬੰਧੀ ਅਣਜਾਣ ਅਤੇ ਘਰਾਂ ਦੇ ਅੰਦਰ ਤੇ ਆਲੇ ਦੁਆਲੇ ਪੈਦਾ ਹੋ ਰਹੇ ਜੀਵ ਜੰਤੂਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ ਜੋ ਬਿਮਾਰੀਆਂ ਦੇ ਫੈਲਣ ਦਾ ਕਾਰਨ ਹੈ।ਜਾਗਰੂਕਤਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਅਤੇ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ।
ਡੇਂਗੂ ਸਬੰਧੀ ਸਰਵੇ ਟੀਮ ਦੀ ਨਿਗਰਾਨੀ ਕਰ ਰਹੇ ਸਹਾਇਕ ਮਲੇਰੀਆ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਟੀਮ ਨੇ 80 ਘਰਾਂ ਦਾ ਸਰਵੇ ਕੀਤਾ ਜਿਸ ਦੌਰਾਨ 4 ਘਰਾਂ ਚੋਂ ਵੱਡੀ ਮਾਤਰਾ ਵਿੱਚ ਲਾਰਵਾ ਮਿਲਿਆ ਜਿਸਨੂੰ ਕਿ ਤੁਰੰਤ ਨਸ਼ਟ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਾਫੀ ਘਰਾਂ ’ਚ ਖਲੋਤੇ ਪਾਣੀ ਦਾ ਨਿਪਟਾਰਾ ਕਰਵਾਇਆ ਅਤੇ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ, ਟਰੇਆਂ,ਪਾਣੀ ਦੀਆਂ ਖੇਲਾਂ,ਦੀ ਸਫਾਈ ਕਰਨਾ ਯਕੀਨੀ ਬਣਾਉਣ ਲਈ ਕਿਹਾ ਹੈ। ਟੀਮ ਨੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਅਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਵੀ ਕਰਵਾਇਆ ਗਿਆ। ਟੀਮ ’ਚ ਸੁਖਪਾਲ ਸਿੰਘ , ਭੋਲਾ ਸਿੰਘ, ਗੁਰਪ੍ਰੀਤ ਸਿੰਘ , ਭਗਵਾਨ ਸਿੰਘ ਅਤੇ ਗਿਆਨੀ ਖਾਨ ਹਾਜਰ ਸਨ।