ਅਸ਼ੋਕ ਵਰਮਾ
ਬਠਿੰਡਾ, 1 ਦਸੰਬਰ 2020 - ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਵਿਸ਼ਵ ਏਡਜ ਜਾਗਰੂਕਤਾ ਦਿਵਸ ਸਬੰਧੀ ਸਰਕਾਰੀ ਸ਼ਹੀਦ ਜੈਲਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ’ਚ ਕਰਵਾਏ ਚੇਤਨਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਏਡਜ ਇੱਕ ਭਿਆਨਕ ਰੋਗ ਹੈ ਇਸ ਬਾਰੇ ਜਾਗਰੂਕਤਾ ਹੋਣੀ ਬਹੁਤ ਹੀ ਜਰੂਰੀ ਹੈ। ਉਹਨਾਂ ਕਿਹਾ ਕਿ ਇਸ ਬੀਮਾਰੀ ਦੇ ਬਾਰੇ ਜਾਣਕਾਰੀ ਦੀ ਕਮੀ, ਮਰੀਜ ਵਿੱਚ ਇਸ ਬੀਮਾਰੀ ਪ੍ਰਤੀ ਡਰ ਅਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਜੋਕਿ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ।
ਉਹਨਾਂ ਦੱਸਿਆ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ ਦੇ ਫੈਲਣ ਨੂੰ ਲੈ ਕੇ ਜੋ ਗਲਤ ਧਾਰਨਾਵਾਂ ਹਨ ੳਹਨਾਂ ਤੋਂ ਬਚਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਵਰਤਮਾਨ ਸਮੇਂ ’ਚ ਦਵਾਈ ਨਾਲ ਬੀਮਾਰੀ ਦੇ ਪ੍ਰਭਾਵ ਨੂੰ ਘੱਟ ਕਰਕੇ ਪੀੜਤ ਦੀ ਉਮਰ ਨੂੰ ਵਧਾਇਆ ਜਾ ਸਕਦਾ ਹੈ ਬਸ਼ਰਤੇ ਪੀੜਤ ਦਵਾਈ ਨੂੰ ਡਾਕਟਰੀ ਸਲਾਹ ਨਾਲ ਅਤੇ ਨਿਰੰਤਰ ਲਏ। ਇਸ ਮੌਕੇ ਪਰਮਿੰਦਰ ਸਿੰਘ ਨੇ ਕਿਹਾ ਕਿ ਏਡਜ਼ ਪੀੜਤ ਵਿਅਕਤੀ ਵਿੱਚ ਰੋਗਾਂ ਨਾਲ ਲੜਨ ਦੀ ਸਮੱਰਥਾ ਘਟ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਟੀ.ਬੀ. ਹੋਣ ਦਾ ਖਤਰਾ ਵਧ ਜਾਂਦਾ ਹੈ।
ਉਹਨਾਂ ਦੱਸਿਆ ਕਿ ਸਰਵੇ ਦੀ ਰਿਪੋਰਟ ਅਨੁਸਾਰ ਵਿਸ਼ਵ ਵਿਚ ਜਿੰਨੇ ਲੋਕ ਐਚਆਈਵੀ ਨਾਲ ਪੀੜਤ ਹੋ ਜਾਂਦੇ ਹਨ ਉਹਨਾਂ ਚੋ ਇੱਕ ਤਿਹਾਈ ਮਰੀਜਾਂ ਨੂੰ ਟੀ.ਬੀ.ਵੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਟੀ.ਬੀ ਪੀੜਤਾਂ ਨੂੰ ਆਪਣਾ ਐੱਚ.ਆਈ.ਵੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ।