ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਦਸੰਬਰ 2020 - ਸਥਾਨਕ ਜਲਾਲਾਬਾਦ ਰੋਡ ਬਾਈਪਾਸ ਕੋਲ ਮੰਗਲਵਾਰ ਬਾਅਦ ਦੁਪਹਿਰ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਖਿਲਾਫ ਰੋਸ ਵਜੋਂ ਜਾਮ ਲਗਾਉਂਦਿਆਂ ਧਰਨਾ ਲਗਾ ਦਿੱਤਾ, ਜਿਸ ਕਰਕੇ ਆਵਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ, ਜਦੋਂਕਿ ਦੂਜੇ ਪਾਸੇ ਦੁਕਾਨਦਾਰਾਂ ਤੇ ਲੋਕਾਂ ਨੇ ਵਿਭਾਗ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ। ਵਰਣਨਯੋਗ ਹੈ ਕਿ ਪਿਛਲੇ ਤਿੰਨ ਮਹੀਨੇ ਪਹਿਲਾਂ ਵਿਭਾਗ ਨੇ ਜਲਾਲਾਬਾਦ ਰੋਡ ਬਾਈਪਾਸ ਤੋਂ ਮੌੜ ਰੋਡ ਨੂੰ ਜਾਣ ਵਾਲੀ ਸੜਕ ’ਤੇ ਇਕ ਦਮ ਮੋੜ ’ਤੇ ਇੱਕ ਟੋਆ ਪੁੱਟਿਆ ਪਿਆ ਸੀ, ਜੋ ਤਿੰਨ ਮਹੀਨੇ ਲੰਘਣ ਦੇ ਬਾਵਜੂਦ ਜਿਉ ਦਾ ਤਿਉ ਪਿਆ ਹੈ, ਜਿਸ ਦੇ ਚੱਲਦਿਆਂ ਰਾਹ ਬਿਲਕੁਲ ਬੰਦ ਹੋ ਚੁੱਕਾ ਹੈ। ਮੰਗਲਵਾਰ ਨੂੰ ਸਥਿਤੀ ਉਸ ਵੇਲੇ ਤਨਾਅਪੂਰਣ ਹੋ ਗਈ ਜਦੋਂ ਦੁਕਾਨਦਾਰਾਂ ਨੇ ਟੋਏ ਵਿੱਚ ਮਿੱਟੀ ਖਿਸਕਨ ਦਾ ਪਤਾ ਲੱਗਿਆ ਤਾਂ ਉਨ੍ਹਾਂ ਰੋਸ ਵਜੋਂ ਸੜਕ ’ਤੇ ਹੀ ਧਰਨਾ ਲਗਾ ਦਿੱਤਾ।
ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਦੇ ਅਧਿਕਾਰੀ ਮੋੜ ਰੋਡ ਰਸਤੇ ਵਾਲੇ ਪਾਸਿਓਂ ਪਹੁੰਚੇ ਪਰ ਲੋਕਾਂ ਦੀ ਸਮੱਸਿਆ ਸੁਣੇ ਬਿਨ੍ਹਾਂ ਹੀ ਚਲਦੇ ਬਣੇ, ਜਿਸ ਕਰਕੇ ਲੋਕਾਂ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਸੀ, ਨਤੀਜਨ ਇਹ ਧਰਨਾ ਬਾਅਦ ਦੁਪਹਿਰ ਤੱਕ ਜਾਰੀ ਰਿਹਾ। ਲੋਕਾਂ ਨੇ ਕਿਹਾ ਕਿ ਵਿਭਾਗ ਵੱਲੋਂ ਟੋਏ ਭਰਨ ਵਿੱਚ ਲਾਪਰਵਾਹੀ ਕੀਤੀ ਜਾ ਰਹੀ ਹੈ, ਜਿਸ ਕਰਕੇ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਵਿਭਾਗ ਨੂੰ ਜਾਣੂ ਕਰਾਇਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਵਰਣਨਯੋਗ ਹੈ ਕਿ ਬੀਤੇ ਦਿਨੀਂ ਵਿਭਾਗ ਦੇ ਜੇਈ ਨੂੰ ਮੁਹੱਲਾ ਵਾਸੀਆਂ ਨੇ ਰਾਤ ਸਮੇਂ ਪੁੱਜਣ ’ਤੇ ਖਰ੍ਹੀਆਂ-ਖਰ੍ਹੀਆਂ ਵੀ ਸੁਣਾਈਆਂ ਸਨ, ਜਿਸ ਕਰਕੇ ਅਧਿਕਾਰੀ ਹੁਣ ਲੋਕਾਂ ਅੱਗੇ ਆਉਣ ਤੋਂ ਭੱਜਦੇ ਹਨ। ਅੱਜ ਜਦੋਂ ਧਰਨੇ ਦੌਰਾਨ ਵਿਭਾਗ ਦਾ ਕੋਈ ਅਧਿਕਾਰੀ ਧਰਨਾ ਸਥਾਨ ’ਤੇ ਨਾ ਆਇਆ ਤਾਂ ਲੋਕਾਂ ਨੇ ਜਲਾਲਾਬਾਦ ਰੋਡ ਸੂਏ ਦੇ ਪੁਲ ਦੇ ਦੋਵੇਂ ਪਾਸੇ ਜਾਮ ਲਗਾ ਦਿੱਤਾ। ਇਸੇ ਦੌਰਾਨ ਪੁਲਸ ਪ੍ਰਸਾਸ਼ਨ ਸਮੇਤ ਪੁੱਜੇ ਜੇਈ ਤੇ ਐਕਸੀਅਨ ਨੂੰ ਵੀ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ, ਜਿੰਨ੍ਹਾਂ ਜਲਦੀ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਲੋਕਾਂ ਨੇ ਚੇਤਾਵਨੀ ਦਿੱਤੀ ਜੇਕਰ ਜਲਦੀ ਇਹ ਸਮੱਸਿਆ ਹੱਲ ਨਾ ਹੋਈ ਤਾਂ ਉਹ ਫ਼ਿਰ ਧਰਨਾ ਲਗਾਉਣਗੇ।