ਫ਼ਤਹਿਗੜ੍ਹ ਸਾਹਿਬ ਜਿਲ੍ਹੇ ਦੀ ਖਿਡਾਰਨ ਸਾਇਨਾ ਸਿੰਘੀ ਆਪਣਾ ਮੈਡਲ ਵਿਖਾਉਂਦੀ ਹੋਈ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 01 ਦਸੰਬਰ : ਅੱਜ ਦੇ ਦੌਰ ਵਿੱਚ ਲੜਕੀਆਂ ਨੇ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਸਦਕਾ ਕਈ ਮੱਲ੍ਹਾਂ ਮਾਰੀਆਂ ਹਨ ਅਤੇ ਹੁਣ ਵੀ ਜਿਹੜੇ ਲੋਕ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਦੇ ਹਨ ਉਹ ਇੱਕ ਸੌੜੀ ਸੋਚ ਸਦਕਾ ਹੀ ਹੈ, ਕਿਉਂਕਿ ਹੁਣ ਲੜਕੀਆਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਰਹੀਆਂ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਸਮਾਜ ਵਿੱਚ ਲੜਕੀਆਂ ਦੀ ਜਨਮ ਦਰ ਵਧਾਉਣ ਅਤੇ ਲੜਕੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜਿ਼ਲ੍ਹੇ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਜਿ਼ਲ੍ਹੇ ਦੀਆਂ ਕਈ ਬੇਟੀਆਂ ਨੇ ਆਪਣੇ ਮਾਪਿਆਂ ਅਤੇ ਜਿ਼ਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ
ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੀਆਂ ਲੜਕੀਆਂ ਵਿੱਚ ਜਿ਼ਲ੍ਹੇ ਦੀ ਇੱਕ ਲੜਕੀ ਸਾਇਨਾ ਸਿੰਘੀ ਵੀ ਹੈ ਜਿਸ ਨੇ ਕਿ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਸਾਇਨਾ ਸਿੰਘੀ ਨੇ ਓ.ਪੀ. ਬਾਂਸਲ ਮਾਡਰਨ ਸਕੂਲ, ਮੰਡੀ ਗੋਬਿੰਦਗੜ੍ਹ ਤੋਂ ਆਪਣਾ ਖੇਡਾਂ ਦਾ ਸਫਰ ਸ਼ੁਰੂ ਕੀਤਾ ਅਤੇ ਸਾਲ 2011 ਵਿੱਚ ਉਸ ਦਾ ਰੁਝਾਨ ਸ਼ੂਟਿੰਗ ਵੱਲ ਵਧਿਆ। ਉਨ੍ਹਾਂ ਦੱਸਿਆ ਕਿ ਸਾਇਨਾ ਸਿੰਘੀ ਨੇ 2014 ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਬੈਸਟ ਸ਼ੂਟਰ ਆਫ ਪੰਜਾਬ ਦਾ ਖਿਤਾਬ ਹਾਸਲ ਕੀਤ। ਇਸੇ ਸਾਲ ਉਸ ਨੇ ਕਈ ਜਿ਼ਲ੍ਹਾ ਪੱਧਰੀ, ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਕਈ ਅਵਾਰਡ ਹਾਸਲ ਕੀਤੇ
ਸਾਇਨਾ ਵੱਲੋਂ ਰਾਸ਼ਟਰੀ ਪੱਧਰ ਦੀਆਂ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਹੇਠ 2 ਚਾਂਦੀ ਦੇ ਮੈਡਲ ਹਾਸਲ ਕੀਤੇ ਅਤੇ ਕੁਮਾਰ ਸੁਰਿੰਦਰਾ ਸਿੰਘ ਨਵੀਂ ਦਿੱਲੀ ਵਿਖੇ ਹੋਏ ਮੁਕਾਬਲਿਆਂ ਵਿੱਚ ਇੱਕ ਚਾਂਦੀ ਦਾ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ। ਸਾਲ 2019 ਵਿੱਚ ਕਾਫੀ ਉਤਰਾਅ ਚੜਾਅਵੇਖਣ ਤੋਂ ਬਾਅਦ ਸਾਇਨਾ ਨੇ ਜਿ਼ਲ੍ਹਾ ਪੱਧਰ ’ਤੇ 02 ਗੋਲਡ ਮੈਡਲ, ਰਾਜ ਪੱਧਰ ’ਤੇ ਇੱਕ ਚਾਂਦੀ ਦਾ ਮੈਡਲ, ਇੰਟਰ ਕਾਲਜ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦਾ ਪਦਕ ਅਤੇ ਆਲ ਇੰਡੀਆ ਯੂਨੀਵਰਸਿਟੀ ਮੁਕਾਬਲੇ ਵਿੱਚ ਟੀਮ ਵਜੋਂ ਗੋਲਡ ਮੈਡਲ ਹਾਸਲ ਕੀਤਾ
ਸਾਇਨਾਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਦਵਿੰਦਰ ਸਿੰਘੀ, ਮਾਤਾ ਰੰਜੂ ਸਿੰਘੀ ਅਤੇ ਆਪਣੇ ਕੋਚਾਂ ਨੂੰ ਦਿੰਦੀ ਹੈ ਜਿਨ੍ਹਾਂ ਦੀ ਨਿਗਰਾਨੀ ਹੇਠ ਉਸ ਨੇ ਇਹ ਸਫਲਤਾ ਹਾਸਲ ਕੀਤੀ, ਸਾਇਨਾ ਸਿੰਘੀ ਇਸ ਸਮੇਂ ਐਮ.ਸੀ.ਐਮ. ਕਾਲਜ਼ ਚੰਡੀਗੜ੍ਹ ਵਿਖੇ ਆਪਣੀ ਬੀ.ਏ. ਅਤੇ ਡਿਪਲੋਮਾ ਇਨ ਇੰਟੀਰੀਅਰ ਡਿਜਾਇਨਿੰਗ ਦੀ ਪੜਾਈ ਕਰ ਰਹੀ ਹੈ, ਸਾਇਨਾ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਸਿਰਫ ਉਚੇਰੀ ਸਿੱਖਿਆ ਹਾਸਲ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਖੇਡਾਂ ਵਿੱਚ ਭਾਗ ਲੈ ਕੇ ਵੀ ਚੰਗਾ ਭਵਿੱਖ ਬਣ ਸਕਦਾ ਹੈ, ਇਸ ਲਈ ਲੜਕੀਆਂ ਨੂੰ ਪੜਾਈ ਦੇ ਨਾਲ-ਨਾਲ ਕਿਸੇ ਨਾ ਕਿਸੇ ਖੇਡ ਨਾਲ ਜੁੜਨਾ ਚਾਹੀਦਾ ਹੈ