ਫਲੋਰਿਡਾ 'ਚ ਕਬਰਸਤਾਨ ਵਿੱਚ ਚੱਲੀ ਗੋਲੀ ਦੌਰਾਨ ਮ੍ਰਿਤਕ ਦੀ ਮਾਂ ਹੋਈ ਜ਼ਖ਼ਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 2 ਦਸੰਬਰ 2020
ਫਲੋਰਿਡਾ ਦੀ ਬ੍ਰੈਵਰਡ ਕਾਉਂਟੀ 'ਚ ਸ਼ਨੀਵਾਰ ਨੂੰ ਇੱਕ ਕਬਰਸਤਾਨ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਸਿਨਸੀਅਰ ਪਿਅਰਸ ਜੋ ਕਿ ਪਿਛਲੇ ਮਹੀਨੇ ਪੁਲਿਸ ਗੋਲੀਬਾਰੀ 'ਚ ਮਾਰਿਆ ਗਿਆ ਸੀ, ਨੂੰ ਦਫ਼ਨਾਇਆ ਜਾ ਰਿਹਾ ਸੀ। ਇਸ ਅੰਤਿਮ ਸਮੇਂ ਦੀ ਰਸਮ ਮੌਕੇ ਇੱਕ ਅਣਪਛਾਤੇ ਬੰਦੂਕ ਧਾਰੀ ਨੇ ਇੱਕ ਗੋਲੀ ਚਲਾ ਦਿੱਤੀ ਜੋ ਕਿ ਸੰਭਾਵੀ ਤੌਰ ਤੇ ਗ਼ਲਤੀ ਨਾਲ ਚੱਲੀ ਸੀ,ਜਿਸ ਨਾਲ ਕਿ ਮ੍ਰਿਤਕ ਦੀ ਮਾਂ ਜ਼ਖ਼ਮੀ ਹੋ ਗਈ ਸੀ। ਬ੍ਰੈਵਰਡ ਕਾਊਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ 39 ਸਾਲਾ ਕੁਸ਼ੇਦਾ ਪਿਅਰਸ ਨੂੰ ਸ਼ਨੀਵਾਰ ਨੂੰ ਲੱਤ ਵਿੱਚ ਇੱਕ ਅਣਪਛਾਤੇ ਹਥਿਆਰ ਦੁਆਰਾ ਗ਼ਲਤੀ ਨਾਲ ਗੋਲੀ ਲੱਗੀ ਸੀ। ਇਹ ਘਟਨਾ ਉਸ ਦੇ ਪੁੱਤਰ, 18 ਸਾਲਾ, ਸਿਨਸੀਅਰ ਪਿਅਰਸ, ਦੀ ਅੰਤਿਮ ਵਿਦਾਈ ਦੌਰਾਨ ਵਾਪਰੀ ਜੋ ਉਹਨਾਂ ਦੋ ਕਾਲੇ ਕਿਸ਼ੋਰਾਂ ਵਿਚੋਂ ਇਕ ਸੀ ਜੋ 13 ਨਵੰਬਰ ਨੂੰ ਬ੍ਰੈਵਰਡ ਕਾਊਂਟੀ ਦੇ ਇੱਕ ਡਿਪਟੀ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ।
ਇਸ ਮਾਮਲੇ ਵਿੱਚ ਮ੍ਰਿਤਕ ਦੇ ਰਿਸ਼ਤੇਦਾਰ ਤੇ ਦੋਸਤ ਸ਼ਨੀਵਾਰ ਨੂੰ ਓਰਲੈਂਡੋ ਤੋਂ 45 ਮੀਲ ਪੂਰਬ ਵੱਲ, ਕੋਕੋਆ ਵਿੱਚ ਰਿਵਰਵਿਊ ਮੈਮੋਰੀਅਲ ਗਾਰਡਨਜ਼ ਕਬਰਸਤਾਨ ਵਿਖੇ ਇਕੱਠੇ ਹੋਏ ਸਨ, ਤਾਂ ਜੋ ਪਿਅਰਸ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨ ਸਕਣ, ਇਸ ਦੌਰਾਨ ਜਦ ਪਾਦਰੀ ਨੇ ਪਿਅਰਸ ਦੀ ਕੈਸਕੇਟ 'ਤੇ ਫੁੱਲ ਰੱਖੇ ਤਾਂ ਅਚਨਚੇਤ ਚੱਲੀ ਗੋਲੀ ਭਗਦੜ ਮਚਾ ਦਿੱਤੀ ਤੇ ਕੁਸ਼ੇਦਾ ਪਿਅਰਸ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ।ਇਸ ਗੋਲ਼ੀਬਾਰੀ ਨੂੰ ਕਿਸ ਨੇ ਕੀਤਾ ਹੈ ਦੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ।