ਸੰਜੀਵ ਸੂਦ
ਲੁਧਿਆਣਾ, 2 ਦਸੰਬਰ 2020 - ਪੰਜਾਬ ਪੁਲਿਸ ਨੇ ਮੋਗਾ 'ਚੋਂ ਲੁਧਿਆਣਾ ਦੇ ਇੱਕ ਹੋਟਲ ਕਾਰੋਬਾਰੀ ਦੇ ਬੱਚੇ ਨੂੰ ਬਰਾਮਦ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਤਿੰਨ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਮੁਲਜ਼ਮਾਂ ਨੇ ਬੱਚੇ ਦੇ ਬਦਲੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹੋਟਲ ਦੇ ਕਾਰੋਬਾਰੀ ਕੋਲ ਕੰਮ ਕਰਨ ਵਾਲਾ ਡਰਾਈਵਰ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਇਸ ਸਰਚ ਮੁਹਿੰਮ 'ਚ ਪੰਜਾਬ ਪੁਲਿਸ ਦੇ ਤਕਰੀਬਨ 2000 ਮੁਲਾਜ਼ਮ ਲੱਗੇ ਹੋਏ ਸਨ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਡਰਾਈਵਰ ਪਿਛਲੇ ਦੋ ਸਾਲਾਂ ਤੋਂ ਪਰਿਵਾਰ ਨਾਲ ਕੰਮ ਕਰ ਰਿਹਾ ਸੀ। ਜੋ ਕਿ ਸਵਿਫਟ ਡਿਜ਼ਾਇਰ ਕਾਰ 'ਚ 1 ਦਸੰਬਰ ਨੂੰ ਦੁਪਹਿਰ 1:30 ਵਜੇ ਹੋਟਲ ਕਾਰੋਬਾਰੀ ਦੇ ਬੇਟੇ ਨੂੰ ਘੁਮਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ, ਹੋਟਲ ਵਾਲੇ ਦੀ ਪਤਨੀ ਦੇ ਆਪਣੇ ਮੋਬਾਇਲ ਫੋਨ 'ਤੇ ਫੋਨ ਆਇਆ ਕਿ ਉਸਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ।
ਮੁਲਜ਼ਮਾਂ ਨੇ ਉਸਨੂੰ ਧਮਕੀ ਦਿੱਤੀ ਕਿ ਉਹ ਪੁਲਿਸ ਨੂੰ ਸ਼ਿਕਾਇਤ ਨਾ ਕਰੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੰਜਾਬ ਪੁਲਿਸ ਦੇ ਤਕਰੀਬਨ 2000 ਪੁਲਿਸ ਮੁਲਾਜ਼ਮਾਂ ਨੇ ਸੂਬੇ ਭਰ ਵਿੱਚ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸਨੂੰ ਪਤਾ ਲੱਗਿਆ ਕਿ ਮੁਲਜ਼ਮ ਦਾ ਮੋਬਾਈਲ ਮੋਗਾ ਵਿੱਚ ਸਵਿੱਚ ਆਫ ਹੋਇਆ ਹੈ, ਜਿਸਦੇ ਬਾਅਦ ਮੋਗਾ ਪੁਲਿਸ ਦੀ ਸਹਾਇਤਾ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਅਤੇ ਬੱਚੇ ਨੂੰ ਮੋਗਾ 'ਚੋਂ ਬਰਾਮਦ ਕਰ ਲਿਆ ਗਿਆ। ਇਸ ਘਟਨਾ ਵਿੱਚ 4 ਮੁਲਜ਼ਮ ਸ਼ਾਮਲ ਸਨ। ਜਿਸ ਵਿਚੋਂ ਇਕ ਨੂੰ ਕਾਬੂ ਕੀਤਾ ਗਿਆ ਹੈ, ਜਦੋਂ ਕਿ ਤਿੰਨ ਹੋਰ ਦੋਸ਼ੀ ਫਰਾਰ ਹਨ। ਦੋਸ਼ੀ ਖਿਲਾਫ ਪਹਿਲਾਂ ਵੀ ਪੁਲਿਸ ਕੇਸ ਦਰਜ ਕੀਤੇ ਜਾ ਚੁੱਕੇ ਹਨ। ਜਿਸ ਤੋਂ ਬਾਅਦ ਹੋਟਲ ਕਾਰੋਬਾਰੀ ਨੇ ਪੁਲਿਸ ਦਾ ਧੰਨਵਾਦ ਕੀਤਾ।