ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 3 ਦਸੰਬਰ 2020 - ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ,ਸਿਹਤ ਕਰਮਚਾਰੀਆਂ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਲਈ ਸਟਾਰਬੱਕਸ ਨੇ ਫਰੰਟਲਾਈਨ ਅਤੇ ਸਿਹਤ ਕਾਮਿਆਂ ਨੂੰ ਦਸੰਬਰ ਦੇ ਸਾਰੇ ਮਹੀਨੇ ਲਈ ਕੌਫੀ ਦਾ ਮੁਫਤ ਕੱਪ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਸੰਬੰਧੀ ਮੰਗਲਵਾਰ ਨੂੰ ਕੰਪਨੀ ਨੇ ਆਪਣੇ ਕੋਵਿਡ -19 ਪੇਜ਼ 'ਤੇ ਜਾਣਕਾਰੀ ਦਿੱਤੀ ਕਿ ਇਸ ਮਹੀਨੇ ਦੌਰਾਨ ਕੋਈ ਵੀ ਵਿਅਕਤੀ ਜੋ ਕੋਰੋਨਾ ਵਾਇਰਸ ਮਹਾਂਮਾਰੀ ਲਈ ਇੱਕ ਸਿਹਤ ਕਾਮੇ ਵਜੋਂ ਪਛਾਣ ਕਰਵਾਉਂਦਾ ਹੈ, ਉਸ ਨੂੰ ਬਿਨਾਂ ਕਿਸੇ ਕੀਮਤ ਦੇ ਆਈਸ (ਕੋਲਡ) ਜਾਂ ਗਰਮ ਕੌਫੀ ਦੀ ਸੇਵਾ ਕੀਤੀ ਜਾਵੇਗੀ।
ਕੰਪਨੀ ਅਨੁਸਾਰ ਕੌਫੀ ਦਾ ਦਾਅਵਾ ਕਰਨ ਦੇ ਯੋਗ ਸਿਹਤ ਕਾਮਿਆਂ ਵਿੱਚ ਡਾਕਟਰ, ਫਾਰਮਾਸਿਸਟ, ਅੱਗ ਬੁਝਾਉ ਅਮਲਾ , ਮਾਨਸਿਕ ਸਿਹਤ ਕਰਮਚਾਰੀ, ਹਸਪਤਾਲ ਦਾ ਸਟਾਫ, ਸੁਰੱਖਿਆ ਜਾਂ ਹਾਊਸਕੀਪਿੰਗ ਸਟਾਫ, ਅਤੇ ਐਕਟਿਵ ਡਿਊਟੀ ਮਿਲਟਰੀ ਆਦਿ ਸ਼ਾਮਲ ਹਨ। ਇਸ ਪੇਸ਼ਕਸ਼ ਦੀ ਕੋਈ ਸੀਮਾ ਨਹੀਂ ਹੈ, ਜੋ ਕਾਮੇ ਯੋਗਤਾ ਪੂਰੀ ਕਰਦੇ ਹਨ ਉਹ 2020 ਦੇ ਅੰਤ ਤੱਕ ਜਿੰਨੀ ਵਾਰ ਚਾਹੁਣ ,ਇਸ ਦਾ ਦਾਅਵਾ ਕਰ ਸਕਦੇ ਹਨ।ਸਟਾਰਬੱਕਸ ਦੀ ਵੈਬਸਾਈਟ ਦੇ ਅਨੁਸਾਰ, ਇਸ ਆਫਰ ਦਾ ਲਾਭ ਸੰਯੁਕਤ ਰਾਜ ਵਿੱਚ ਕੰਪਨੀ ਦੁਆਰਾ ਸੰਚਾਲਿਤ ਸਥਾਨਾਂ ਅਤੇ ਲਾਇਸੈਂਸਸ਼ੁਦਾ ਸਟੋਰਾਂ 'ਤੇ ਲਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵੀ ਸਟਾਰਬੱਕਸ ਨੇ ਮਹਾਂਮਾਰੀ ਨਾਲ ਲੜਨ ਵਾਲਿਆਂ ਨੂੰ ਮਾਰਚ ਦੇ ਅਖੀਰ ਤੋਂ ਲੈ ਕੇ 3 ਮਈ ਤੱਕ ਮੁਫਤ ਕੌਫੀ ਦੀ ਪੇਸ਼ਕਸ਼ ਕੀਤੀ ਸੀ। ਇਸ ਕੰਪਨੀ ਅਨੁਸਾਰ ਇਸ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 20 ਲੱਖ ਤੋਂ ਵੱਧ ਮੁਫਤ ਕੌਫੀ ਦੇ ਕੱਪ ਦਿੱਤੇ ਹਨ।