ਚੰਡੀਗੜ, 3 ਦਸੰਬਰ 2020 - ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਹਿਤ ਅਤੇ ਕਲਾ ਦੇ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼ੋ੍ਰਮਣੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ’ਚ ਅੱਜ ਪੰਜਾਬ ਭਵਨ ਚੰਡੀਗੜ ਵਿਖੇ ਹੋਈ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ’ਚ ਇਨਾਂ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ। ਉਨਾਂ ਨੇ ਸਮੂਹ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕਾਰ ਤੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ। ਉਨਾਂ ਆਸ ਪ੍ਰਗਟਾਈ ਕਿ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਅਤੇ ਨਰੋਏ ਸਮਾਜ ਦੀ ਉਸਾਰੀ ਲਈ ਆਪਣਾ ਵਡਮੁੱਲਾ ਯੋਗਦਾਨ ਨਿਰੰਤਰ ਜਾਰੀ ਰੱਖਣਗੇ।
ਸ਼੍ਰੋਮਣੀ ਪੰਜਾਬੀ ਪੱਤਰਕਾਰ ਸਾਲ 2015 ਲਈ ਕੁਲਦੀਪ ਸਿੰਘ ਬੇਦੀ, 2016 ਲਈ ਹਰਬੀਰ ਸਿੰਘ ਭੰਵਰ, 2017 ਲਈ ਸੁਰਿੰਦਰ ਸਿੰਘ ਤੇਜ, 2018 ਲਈ ਚਰਨਜੀਤ ਸਿੰਘ ਭੁੱਲਰ, 2019 ਲਈ ਦਵਿੰਦਰ ਪਾਲ ਅਤੇ 2020 ਲਈ ਜਗੀਰ ਸਿੰਘ ਜਗਤਾਰ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਸਾਹਿਤਕ ਪੱਤਰਕਾਰ ਸਾਲ 2015 ਲਈ ਗੁਰਬਚਨ (ਫਿਲਹਾਲ), 2016 ਲਈ ਬਲਬੀਰ ਪਰਵਾਨਾ, 2017 ਲਈ ਪੂਨਮ ਪ੍ਰੀਤਲੜੀ, 2018 ਲਈ ਡਾ. ਹਰਜਿੰਦਰ ਵਾਲੀਆ, 2019 ਲਈ ਕੰਵਰਜੀਤ ਭੱਠਲ ਅਤੇ 2020 ਲਈ ਦਰਸ਼ਨ ਢਿੱਲੋਂ ਨੂੰ ਚੁਣਿਆ ਗਿਆ ਹੈ।