← ਪਿਛੇ ਪਰਤੋ
ਕਿਸਾਨ ਸੰਘਰਸ਼ : ਹਰਭਜਨ ਮਾਨ ਵੱਲੋਂ ਸ਼੍ਰੋਮਣੀ ਗਾਇਕ ਪੁਰਸਕਾਰ ਲੈਣ ਤੋਂ ਨਾਂਹ ਚੰਡੀਗੜ੍ਹ 4 ਦਸੰਬਰ, 2020 : ਮਸ਼ਹੂਰ ਕੌਮਾਂਤਰੀ ਗਾਇਕ ਹਰਭਜਨ ਮਾਨ ਨੇ ਸ਼੍ਰੋਮਣੀ ਗਾਇਕ ਪੁਰਸਕਾਰ ਲੈਣ ਤੋਂ ਨਾਂਹ ਕਰ ਦਿੱਤੀ ਹੈ। ਹਾਲੇ ਕੱਲ੍ਹ ਹੀ ਭਾਸ਼ਾ ਵਿਭਾਗ ਨੇ ਇਹ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਸੀ। ਗਾਇਕ ਨੇ ਇਕ ਸੋਸ਼ਲ ਮੀਡੀਆ ਪੋਸਟ ਪਾਈਹੈ। ਫੇਸਬੁੱਕ ’ਤੇ ਪਾਈ ਪੋਸਟ ਵਿਚ ਹਰਭਜਨ ਮਾਨ ਨੇ ਲਿਖਿਆ ਹੈ ਕਿ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਾਲਾਨਾ ਸ਼੍ਰੋਮਣੀ ਪੁਰਸਕਾਰਾਂ ਵਿੱਚ ਮੇਰੀ ਚੋਣ 'ਸ਼੍ਰੋਮਣੀ ਗਾਇਕ' ਐਵਾਰਡ ਲਈ ਹੋਈ ਹੈ। ਇਸ ਐਵਾਰਡ ਦੀ ਚੋਣ ਲਈ ਮੈਂ ਸਲਾਹਕਾਰ ਬੋਰਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵੱਲੋਂ ਅਪਲਾਈ ਕਿਤੇ ਬਿਨਾਂ ਮੈਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ। ਅੱਜ ਮੈਂ ਜਿਸ ਵੀ ਮੁਕਾਮ 'ਤੇ ਪਹੁੰਚਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂੰਹ ਪੰਜਾਬੀਆਂ ਦੀ ਬਦੌਲਤ ਹੀ ਹੈ। ਕਿਸਾਨੀ ਪਰਿਵਾਰ ਵਿੱਚ ਜਨਮ ਲੈਣ ਤੋਂ ਲੈ ਕੇ ਹੁਣ ਤੱਕ ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ ਅਤੇ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ। ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਪਿਆਰ ਕੀਤਾ ਗਿਆ ਜਿਸ ਸਦਕਾ ਮੈਂ ਅੱਜ ਇਸ ਐਵਾਰਡ ਹਾਸਲ ਕਰਨ ਦੇ ਕਾਬਲ ਹੋਇਆ। ਅੱਜ ਜਦੋਂ ਪੰਜਾਬ ਸਣੇ ਸਾਰੇ ਮੁਲਕ ਦਾ "ਅੰਨਦਾਤਾ" ਸੜਕਾਂ ਉਤੇ ਹੈ ਅਤੇ ਕਿਸਾਨਾਂ ਦੇ ਹੱਕ ਖੋਹਣ ਵਾਲ਼ਿਆਂ ਤੋ ਇਨਸਾਫ ਮੰਗਦਾ ਹੋਇਆ ਰੁਲ਼ ਰਿਹਾ ਹੈ। ਉਨ੍ਹਾਂ ਦਾ ਭਵਿੱਖ ਅੰਧਕਾਰ ਵਿੱਚ ਹੈ ਤਾਂ ਇਸ ਮੌਕੇ ਮੈਂ 'ਸ਼੍ਰੋਮਣੀ ਐਵਾਰਡ' ਹਾਸਲ ਕਰਦਾ ਸ਼ੋਭਦਾ ਨਹੀਂ ਹਾਂ। ਕਿਸਾਨੀ ਲਈ ਇਸ ਔਖੇ ਚੱਲ ਰਹੇ ਸਮੇਂ ਦੌਰਾਨ ਮੈਂ ਅਤੇ ਮੇਰੇ ਪਰਿਵਾਰ ਨੇ ਨਿਮਰਤਾ ਤੇ ਆਦਰ ਸਹਿਤ ਇਹ ਪੁਰਸਕਾਰ ਨਾ ਲੈਣ ਦਾ ਫੈਸਲਾ ਕੀਤਾ ਹੈ।
Total Responses : 929