ਪਰਵਿੰਦਰ ਸਿੰਘ ਕੰਧਾਰੀ
- ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਿਸਪੈਂਸਰੀ 'ਚ ਲਗਾਇਆ ਪੌਦਾ
ਫ਼ਰੀਦਕੋਟ, 4 ਦਸੰਬਰ 2020 - ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਸਰਕਾਰੀ ਦਫ਼ਤਰਾਂ ਵਿਚ 100 ਪ੍ਰਤੀਸ਼ਤ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵੱਲੋਂ ਪੇਂਡੂ ਡਿਸਪੈਸਰੀਆਂ ਦੀ ਅਚਨਚੇਤ ਚੈਕਿੰਗ ਨਿਰੰਤਰ ਜਾਰੀ ਹੈ।
ਅੱਜ ਉਨਾਂ ਵੱਲੋਂ ਪਿੰਡ ਮਿੱਡੂ ਮਾਨ ਡਿਸਪੈਂਸਰੀ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਿਸਪੈਂਸਰੀ ਦੇ ਰੂਰਲ ਮੈਡੀਕਲ ਅਫ਼ਸਰ ਦੀ ਛੁੱਟੀ ਸਬੰਧੀ ਕੋਈ ਸਥਿਤੀ ਸਪੱਸ਼ਟ ਨਹੀਂ ਹੋ ਸਕੀ,ਜਿਸ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ। ਬਾਕੀ ਦਾ ਸਟਾਫ਼ ਮੌਕੇ ਤੇ ਹਾਜ਼ਰ ਪਾਇਆ ਗਿਆ। ਇਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੌਦਾ ਲਾ ਕੇ ਪਿੰਡ ਵਾਸੀਆਂ ਨੂੰ ਵਾਤਾਵਰਣ ਨੂੰ ਸ਼ੁਧ ਬਣਾਈ ਰੱਖਣ ਦਾ ਸੰਦੇਸ਼ ਵੀ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਐਸ.ਵੀ.ਸੀ ( ਸਮਾਰਟ ਵਿਲੇਜ ਕੰਪੇਨੀਅਨ) ਅਧੀਨ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਮੌਕੇ ਤੇ ਮੌਜੂਦ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਰਵਾਏ ਜਾ ਰਹੇ ਕੰਮ ਮਿਆਰੀ ਦਰਜ਼ੇ ਦੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਰਾਜ ਵਿਚ ਠੰਡ ਵੱਧਣ ਕਾਰਣ ਕਰੋਨਾ ਮਹਾਂਮਾਰੀ ਦੇ ਦੂਜੇ ਗੇੜ ਦੇ ਸ਼ੁਰੂ ਹੋਣ ਦਾ ਖ਼ਦਸ਼ਾ ਹੈ। ਇਸ ਲਈ ਮੂੰਹ ਤੇ ਮਾਸਕ ਲਗਾਈ ਰੱਖਣ, ਸਮੇਂ ਸਮੇਂ ਤੇ ਹੱਥ ਸੈਨੇਟਾਈਜ਼ ਕਰਨ ਅਤੇ ਦੋ ਗਜ਼ ਦੀ ਦੂਰੀ ਬਣਾਕੇ ਰੱਖੀ ਜਾਵੇ ਤਾਂ ਹੀ ਅਸੀਂ ਕੋਰੋਨਾ ਦੇ ਪ੍ਰਕੋਪ ਨੂੰ ਘੱਟ ਕਰ ਸਕਦੇ ਹਾਂ।