ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 4 ਦਸੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਕਰਕੇ ਅੱਜ ਇੱਕ ਹੋਰ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ ਦਸ ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 3 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 4 ਕੇਸ ਮਲੋਟ, 1 ਕੇਸ ਬਾਦਲ, 1 ਕੇਸ ਬੁਰਜ਼ ਸਿੱਧਵਾਂ ਤੇ 1 ਕੇਸ ਮੰਡੀ ਕਿੱਲ੍ਹਿਆਂਵਾਨੀ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੱਜ 19 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਅੱਜ 236 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1836 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 949 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3605 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 3392 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 122 ਕੇਸ ਸਰਗਰਮ ਹਨ।
ਕੋਰੋਨਾ ਨਾਲ ਦੋ ਹੋਰ ਜਣਿਆਂ ਦੀ ਮੌਤ
ਜ਼ਿਲ੍ਹੇ ’ਚ ਕੋਰੋਨਾ ਕਰਕੇ ਅੱਜ ਦੋ ਹੋਰ ਜਣਿਆਂ ਦੀ ਮੌਤ ਹੋ ਗਈ ਹੈ। ਪਹਿਲੇ ਮਿ੍ਰਤਕ ਵਿਅਕਤੀ ਦੀ ਉਮਰ ਕਰੀਬ 70 ਸਾਲ ਸੀ, ਜੋ ਸਥਾਨਕ ਬੂੜਾ ਗੁੱਜਰ ਰੋਡ ਦਾ ਵਾਸੀ ਸੀ ਤੇ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਫਰੀਦਕੋਟ ਦਾਖ਼ਲ ਸੀ, ਜਿਸਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਦੂਜੀ ਮਿ੍ਰਤਕਾ 58 ਸਾਲਾ ਔਰਤ ਜੋ ਕਿ ਮੰਡੀ ਕਾਨਿਆਂਵਾਲੀ ਤੋਂ ਸਬੰਧਿਤ ਸੀ ਤੇ ਘਰ ਵਿੱਚ ਹੀ ਆਈਸੂਲੇਟ ਚੱਲ ਰਹੀ ਸੀ, ਦੀ ਵੀ ਅੱਜ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਕਰਕੇ 91 ਮੌਤਾਂ ਹੋ ਚੁੱਕੀਆਂ ਹਨ।