ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2020 - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਤਿੰਨ ਕਾਨੂੰਨ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨਾਂ ਦੇ ਘੋਲ ਨੂੰ ਹੋਰ ਤੇਜ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣ ਲਈ ਪੰਜ ਦਸੰਬਰ ਨੂੰ ਥਾਂ ਥਾਂ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਜੋਟੀਦਾਰ ਅੰਡਾਨੀਆ ਤੇ ਅੰਬਾਨੀਆ ਦੇ ਪੁਤਲੇ ਫੂਕੇ ਜਾਣ ਦੇ ਸੱਦੇ ਤਹਿਤ ਤਿਆਰੀ ਮੁਕੰਮਲ ਕਰ ਲਈ ਗਈ ਹੈ।
ਇਸੇ ਕੜੀ ਤਹਿਤ ਕੋਟਕਪੂਰਾ ਅਤੇ ਫਰੀਦਕੋਟ ਸ਼ਹਿਰਾਂ ਅਤੇ ਨੇੜਲੇ ਪਿੰਡ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ, ਪੀ ਆਰ ਟੀ ਸੀ ਇੰਪਲਾਈਜ਼ ਯੂਨੀਅਨ ਆਜਾਦ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਸਾਂਝੇ ਤੌਰ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦਾ ਪੁਤਲਾ ਫੂਕਿਆ ਜਾਵੇਗਾ।
ਇਹਨਾਂ ਜੱਥੇਬੰਦੀਆਂ ਦੀ ਗੁਰਤੇਜ ਸਿੰਘ ਹਰੀ ਨੌਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਵਰਿੰਦਰ ਜੀਤ ਸਿੰਘ ਪੁਰੀ ਨੇ ਦੱਸਿਆ ਕਿ ਮੋਦੀ ਸਰਕਾਰ ਮੁਲਕ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੇ ਰਾਹ ਪਈ ਹੋਈ ਹੈ ਜਿਸ ਦਾ ਉਹ ਪੁਰਜੋਰ ਵਿਰੋਧ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਦੱਸਿਆ ਕਿ ਇਸ ਸਬੰਧ ’ਚ ਕੀਤੇ ਜਾਣ ਵਾਲੇ ਰੋਸ ਪ੍ਰੋਗਰਾਮਾਂ ਨੂੰ ਅੰਤਮ ਛੋਹਾਂ ਦੇ ਦਿੱਤੀਆਂ ਹਨ ਅਤੇ ਪਿੰਡਾਂ ’ਚ ਪੁਤਲੇ ਫੂਕਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਜਤਿੰਦਰ ਕੁਮਾਰ, ਸੁਖਮੰਦਰ ਸਿੰਘ, ਬਲਕਾਰ ਸਿੰਘ ਔਲਖ, ਜਗਜੀਤ ਪਾਲ ਜੇਪੀ , ਅੰਗਰੇਜ ਸਿੰਘ, ਅਮਰ ਸਿੰਘ ਔਲਖ, ਜਸਮਤ ਰੁਮਾਣਾ, ਰਣਜੀਤ ਸਿੰਘ ਮਚਾਕੀ, ਗਮਦੂਰ ਸਿੰਘ ਹਰੀ ਨੌਂ ਨੇ ਵੀ ਵਿਚਾਰ ਰੱਖੇ।