- 14 ਦਸੰਬਰ ਨੂੰ ਦਿਵਆਂਗਜਨਾਂ ਲਈ ਲੱਗੇਗਾ ਵਿਸ਼ੇਸ਼ ਰੋਜ਼ਗਾਰ ਮੇਲਾ : ਡਿਪਟੀ ਕਮਿਸ਼ਨਰ
- ਅਪਨੀਤ ਰਿਆਤ ਵਲੋਂ ਵੱਖ-ਵੱਖ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਵਿਚਾਰਾਂ
ਹੁਸ਼ਿਆਰਪੁਰ, 4 ਦਸੰਬਰ 2020 - ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੀਂ ਪਹਿਲ ਕਦਮੀ ਤਹਿਤ ਦਿਵਆਂਗਜਨਾਂ ਨੂੰ ਢੁੱਕਵਾਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਉਲੀਕੇ ਪ੍ਰੋਜੈਕਟ ‘ਉਡਾਨ’ ਤਹਿਤ 14 ਦਸੰਬਰ ਨੂੰ ਵੱਧ ਤੋਂ ਵੱਧ ਦਿਵਆਂਗਾਂ ਨੂੰ ਉਨ੍ਹਾਂ ਦੇ ਪੈਰੀਂ ਕਰਨ ਲਈ ਵਿਸ਼ੇਸ਼ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਵੱਖ-ਵੱਖ ਉਦਯੋਗਾਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਅੱਜ ਇਥੇ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਪ੍ਰੋਜੈਕਟ ਉਡਾਨ ਤਹਿਤ ਦਿਵਆਂਗਜਨਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਦੇ ਕੇ ਇਹ ਇਕਾਈਆਂ ਸਮਾਜ ਦੇ ਸਮੁੱਚੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਟਰੇਨਿੰਗ ਬਿਊਰੋ ਵਲੋਂ ਸਥਾਨਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਕਰਵਾਏ ਜਾ ਰਹੇ ਇਸ ਵਿਸ਼ੇਸ਼ ਰੋਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਦਿਵਆਂਗਜਨਾਂ ਨੂੰ ਰੋਜ਼ਗਾਰ ਦਿਵਾਉਣ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ 8 ਦਸੰਬਰ ਤੱਕ ਉਨ੍ਹਾਂ ਦੇ ਉਦਯੋਗਾਂ ਲਈ ਲੋੜੀਂਦੇ ਦਿਵਆਂਗਜਨਾਂ ਬਾਰੇ ਲਿਖਤੀ ਬਿਊਰੋ ਨੂੰ ਭੇਜਣ ਤਾਂ ਜੋ ਇਸ ਵਿਸ਼ੇਸ਼ ਰੋਜਗਾਰ ਮੇਲੇ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਜਾ ਸਕੇ।
ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਪਿਤ ਉਦਯੋਗ ਆਪਣੀ ਲੋੜ ਅਤੇ ਕੰਮ ਮੁਤਾਬਕ ਯੋਗ ਉਮੀਦਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਸਕਦੇ ਹਨ ਜਿਸ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਟਰੇਨਿੰਗ ਬਿਊਰੋ ਵਲੋਂ ਪਹਿਲਾਂ ਹੀ ਦਿਵਆਂਗ ਉਮੀਦਵਾਰਾਂ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੇਲੇ ਵਿੱਚ ਕੋਈ ਵੀ ਦਿਵਆਂਗਜਨ ਪਹੁੰਚ ਕੇ ਆਪਣੀ ਮੁਹਾਰਤ ਅਤੇ ਸਮਰਥਾ ਮੁਤਾਬਕ ਰੋਜ਼ਗਾਰ ਹਾਸਲ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੂੰ ਕਿਹਾ ਕਿ ਉਹ ਦਿਵਆਂਗਜਨਾਂ ਨੂੰ ਰੋਜ਼ਗਾਰ ਦੁਆਉਣ ਲਈ ਵੱਖ-ਵੱਖ ਮਾਲਜ਼, ਵੱਡੀਆਂ ਮਾਰਕਿਟਾਂ ਆਦਿ ਨਾਲ ਸੰਪਰਕ ਕਰਨ ਤਾਂ ਜੋ ਦਿਵਆਂਗਜਨਾਂ ਨੂੰ ਕਾਊਂਟਰਾਂ, ਪੈਕਿੰਗ, ਕੈਸ਼ ਕੁਲੈਕਸ਼ਨ ਆਦਿ ਦਾ ਕੰਮ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਨਲ ਡਰੱਗ ਇੰਸਪੈਕਟਰ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਿਲ੍ਹੇ ਵਿੱਚ ਫਾਰਮਾਸਿਟੀਕਲ ਨਾਲ ਸਬੰਧਤ ਹੋਲ ਸੇਲ ਅਤੇ ਰਿਟੇਲਰ ਡਿਸਟ੍ਰੀਬਿਊਟਰਾਂ ਨਾਲ ਰਾਬਤਾ ਕਰਕੇ ਦਿਵਆਂਗ ਉਮੀਦਵਾਰਾਂ ਲਈ ਰੋਜ਼ਗਾਰ ਦੇ ਮੌਕਿਆਂ ਬਾਰੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੂੰ ਜਾਣਕਾਰੀ ਮੁਹੱਈਆ ਕਰਵਾਉਣ। ਇਸ ਮੌਕੇ ਉਨ੍ਹਾਂ ਫੈਕਰਟਰੀਜ਼ ਵਿਭਾਗ ਅਤੇ ਗਾਰਡੀਅਨਜ਼ ਆਫ਼ ਗਵਰਨੈਂਸ ਨੂੰ ਵੀ ਦਿਵਆਂਗਜਨਾਂ ਲਈ ਰੋਜ਼ਗਾਰ ਦੇ ਮੌਕਿਆਂ ਵਿੱਚ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਤਾਕੀਦ ਕੀਤੀ ਤਾਂ ਜੋ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੇ ਦਿਵਆਂਗਜਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿਵਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ, ਪਲੇਸਮੈਂਟ ਅਫਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿਤਿਆ ਰਾਣਾ ਤੋਂ ਇਲਾਵਾ ਜੀ.ਐਨ.ਏ., ਸੋਨਾਲੀਕਾ, ਜੇ.ਸੀ.ਟੀ., ਊਸ਼ਾ ਮਾਰਟਿਨ, ਹਾਕਿੰਜ਼ ਕੂਕਰਜ਼, ਵਰਧਮਾਨ ਯਾਰਨ ਐਂਡ ਥਰੈਡਜ਼, ਇਨਫੂਟੇਕ ਹੈਲਥ ਕੇਅਰ, ਉਨਤੀ ਕੋਅਪਰੇਟਿਵ ਸੋਸਾਇਟੀ, ਲੁਧਿਆਣਾ ਵੈਬਰੇਜਿਜ਼, ਰਿਲਾਇੰਸ, ਸੈਂਚੂਰੀ ਪਲਾਈਵੁੱਡ ਆਦਿ ਦੇ ਨੁਮਾਇੰਦੇ ਮੌਜੂਦ ਸਨ।