ਦੀਪਕ ਜੈਨ
ਜਗਰਾਉਂ, 4 ਦਸੰਬਰ 2020 - ਅੱਜ ਕੱਲ੍ਹ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਹਨ। ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ -ਦਿਹਾੜੇ ਵੀ ਰਾਹ ਚੱਲਦੇ ਲੋਕਾਂ ਤੇ ਆਪਣਾ ਹੱਥ ਸਾਫ਼ ਕਰਨ ਤੋਂ ਬਾਜ਼ ਨਹੀਂ ਆਉਂਦੇ। ਬੀਤੇ ਦਿਨੀਂ ਕਿਸੇ ਦੇ ਘਰ ਕੰਮ ਕਰਨ ਜਾ ਰਹੀ ਲੜਕੀ ਤੋਂ ਚੋਰਾਂ ਨੇ ਡਰਾ ਧਮਕਾ ਕੇ ਮੋਬਾਇਲ ਫ਼ੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤ ਕਰਤਾ ਰਮਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਨੇ ਦੱਸਿਆ ਕਿ 2 ਦਸੰਬਰ ਨੂੰ ਕਰੀਬ 3;30 ਵਜੇ ਉਹ ਆਪਣੀ ਛੋਟੀ ਭੈਣ ਬੇਅੰਤ ਕੌਰ ਨਾਲ਼ ਘਰ ਦੀ ਸਫ਼ਾਈ ਲਈ ਜੋਗੇਸ਼ ਜੈਨ ਵਾਸੀ ਕਰਨੈਲ ਗੇਟ , ਜਗਰਾਉਂ ਦੇ ਘਰ ਜਾ ਰਹੀ ਸੀ ਤਾਂ ਅਚਾਨਕ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਪਿੱਛੋਂ ਆ ਕੇ ਮੋਟਰ ਸਾਈਕਲ ਉਸ ਦੇ ਅੱਗੇ ਕਰ ਕੇ ਰੋਕ ਦਿੱਤਾ।
ਮੋਟਰ ਸਾਈਕਲ ਦੇ ਵਿਚਕਾਰ ਬੈਠੇ ਨੌਜਵਾਨ ਨੇ ਉਸ ਨੂੰ ਲੋਹੇ ਦਾ ਰਾਡ ਨੁਮਾ ਹਥਿਆਰ ਦਿਖਾ ਕੇ ਡਰਾਇਆ ਤੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥ ਵਿੱਚ ਫੜ੍ਹਿਆ ਮੋਬਇਲ ਫ਼ੋਨ ਖੋਹ ਲਿਆ, ਜਿਸ ਦਾ ਮਾਰਕਾ ਅੋਪੋ ਸੀ। ਚੋਰ ਫ਼ੋਨ ਖੋਹ ਕੇ ਕੱਚੇ ਮਲਕ ਰੋਡ ਨੂੰ ਫ਼ਰਾਰ ਹੋ ਗਏ। ਚੋਰਾਂ ਦੇ ਜਾਣ ਸਮੇਂ ਲੜਕੀ ਨੇ ਮੋਟਰ ਸਾਈਕਲ ਦਾ ਨੰਬਰ ਤੇ ਮਾਡਲ ਨੋਟ ਕਰ ਲਿਆ ,ਜੋ ਕਿ ਸਪਲੈਂਡਰ ਨੰਬਰ ਪੀ.ਬੀ-10 ਜੀ ਐਮ- 8035 ਸੀ। ਰਮਨਦੀਪ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਤੌਰ 'ਤੇ ਜਾਂਚ ਪੜਤਾਲ਼ ਕੀਤੀ ਤਾਂ ਪਤਾ ਲੱਗਾ ਕਿ ਮੋਬਾਇਲ ਖੋਹਣ ਵਾਲਿਆਂ ਦੇ ਨਾਮ
ਹਰਪਿੰਦਰ ਸਿੰਘ ਉਰਫ਼ ਗੋਰਾ ਪੱਤਰ ਬਲਵੀਰ ਸਿੰਘ, ਗੁਰਸੇਵਕ ਸਿੰਘ ਉਰਫ਼ ਅਜੈ ਪੁੱਤਰ ਗੁਰਪ੍ਰੀਤ ਸਿੰਘ ਅਤੇ ਕਮਲਜੋਤ ਸਿੰਘ ਉਰਫ਼ ਸਕੂਟਰ ਪੁੱਤਰ ਜਗਸੀਰ ਸਿੰਘ ਵਾਸੀ ਕਾਉਂਕੇ ਕਲਾਂ ਹਨ। ਪੁਲੀਸ ਨੇ ਦੋਸ਼ੀਆਂ 'ਤੇ ਆਈ.ਪੀ. ਸੀ ਦੀ ਧਾਰਾ 379- ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ।