ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਦਸੰਬਰ 2020 - ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਸਭ ਤੋਂ ਮੋਹਰੀ ਦੇਸ਼ ਅਮਰੀਕਾ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ। ਇਸ ਬਿਮਾਰੀ ਕਰਕੇ ਜਿੱਥੇ ਦੇਸ਼ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਉੱਥੇ ਲੱਖਾਂ ਹੀ ਲੋਕਾਂ ਨੇ ਜਾਨ ਵੀ ਗਵਾਈ ਹੈ। ਸਿਹਤ ਮਾਹਿਰਾਂ ਅਨੁਸਾਰ ਕੋਰੋਨਾਂ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇਸ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਹੁਤ ਮਹੱਤਵਪੂਰਨ ਹਨ,ਜਿਹਨਾਂ ਵਿੱਚ ਚਿਹਰੇ ਨੂੰ ਮਾਸਕ ਨਾਲ ਢਕਣਾ ਜਰੂਰੀ ਹੈ।
ਨਵੇਂ ਚੁਣੇ ਗਏ ਰਾਸ਼ਟਰਪਤੀ ਵੀ ਮਾਸਕ ਦੀ ਮਹੱਤਤਾ ਤੋਂ ਜਾਣੂ ਹਨ। ਇਸ ਲਈ ਜੋਅ ਬਾਈਡੇਨ ਦਾ ਕਹਿਣਾ ਹੈ ਕਿ ਉਹ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ 100 ਦਿਨਾਂ ਤੱਕ ਅਮਰੀਕੀਆਂ ਨੂੰ ਆਪਣੇ ਚਿਹਰੇ 'ਤੇ ਮਾਸਕ ਪਹਿਨਣ ਲਈ ਕਹਿਣਗੇ। ਬਾਈਡੇਨ ਨੇ ਵੀਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਇਹ ਉਮੀਦ ਪ੍ਰਗਟ ਕੀਤੀ ਕਿ ਮਾਸਕ ਸੰਬੰਧੀ ਇਹ ਕਾਰਵਾਈ ਸੰਯੁਕਤ ਰਾਜ ਵਿੱਚ ਕੋਵਿਡ-19 ਦੇ ਫੈਲਣ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ।
ਇਸ ਤੋਂ ਪਹਿਲਾਂ ਵੀ ਬਾਈਡਨ ਨੇ ਮਾਸਕ ਪਹਿਨਣ ਨੂੰ ਦੇਸ਼ ਭਗਤੀ ਲਈ ਇੱਕ ਫਰਜ਼ ਦੱਸਦਿਆਂ, ਰਾਜਨੀਤੀ ਨੂੰ ਇਸਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ। ਇਸ ਸੰਬੰਧੀ ਬਾਈਡੇਨ ਨੇ ਸਵੀਕਾਰ ਕੀਤਾ ਕਿ ਉਸ ਕੋਲ ਦੇਸ਼ ਪੱਧਰ ਤੇ ਮਾਸਕ ਪਾਉਣ ਨੂੰ ਲਾਗੂ ਕਰਨ ਦੀ ਪੂਰੀ ਤਾਕਤ ਨਹੀਂ ਹੈ, ਅਤੇ ਇਸ ਤਰ੍ਹਾਂ ਦੇ ਨਿਯਮ ਲਾਗੂ ਕਰਨ ਵਿੱਚ ਉਸਨੂੰ ਰਾਜ ਅਤੇ ਸਥਾਨਕ ਅਧਿਕਾਰੀਆਂ ਦੀ ਮਦਦ ਦੀ ਜ਼ਰੂਰਤ ਹੋਵੇਗੀ ਅਤੇ ਦੇਸ਼ ਵਾਸੀਆਂ ਨੂੰ ਵੀ ਇਸ ਸਥਿਤੀ ਵਿੱਚ ਸਰਕਾਰ ਦਾ ਸਾਥ ਦੇਣ ਦੀ ਜ਼ਰੂਰਤ ਹੈ।
ਅਮਰੀਕਾ ਦੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ) ਸੰਸਥਾ ਨੇ ਵੀ ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਚਿਹਰੇ ਦੇ ਮਾਸਕ ਨੂੰ ਪਹਿਨਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਨਾਲ ਵਾਇਰਸ ਦੀ ਲਾਗ ਨੂੰ ਘੱਟ ਕੀਤਾ ਜਾ ਸਕਦਾ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ 'ਚ ਵੀਰਵਾਰ ਤੱਕ 276,100 ਤੋਂ ਵੱਧ ਕੋਰੋਨਾਂ ਵਾਇਰਸ ਮੌਤਾਂ ਦਰਜ਼ ਕੀਤੀਆਂ ਗਈਆਂ ਹਨ।