- ਫੂਡ ਸਾਇੰਸ ਤੇ ਫਾਰਮੇਸੀ ਦੇ ਦੋਵਾਂ ਵਿਗਿਆਨੀਆਂ ਨੇ ਬਿਹਤਰੀਨ ਰਿਸਰਚ ਨਾਲ ਯੂਨੀਵਰਸਿਟੀ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ-ਵੀ.ਸੀ.
ਬਠਿੰਡਾ, 5 ਦਸੰਬਰ 2020 - ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.) ਵਲੋਂ ਕੀਤੀ ਸਟਡੀ ‘ਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਦੋ ਅਧਿਆਪਕਾਂ ਦਾ ਨਾਮ ਦੁਨੀਆ ਦੇ ਪ੍ਰਸਿੱਧ ਵਿਗਿਆਨੀਆਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਗਿਆ ਹੈ।
ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.), ਜੋ ਕਿ ਵਿਸ਼ਵ ਦੀਆਂ ਸਭ ਤੋਂ ਮਸ਼ਹੂਰ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਨੇ ਇਕ ਸੁਤੰਤਰ ਅਧਿਐਨ ਤੋਂ ਬਾਅਦ ਸਾਲ 2019 ਵਿੱਚ ਵਿਸ਼ਵ ਰੈਂਕਿੰਗ ਵਿਚ ਚੋਟੀ ਦੇ 2% ਸਰਬੋਤਮ ਵਿਗਿਆਨੀਆਂ ਦੀ ਸੂਚੀ ਹਾਲ ਹੀ ਵਿਚ ਜਾਰੀ ਕੀਤੀ ਹੈ।
ਯੂਨੀਰਵਸਿਟੀ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਮੁਖੀ, ਡਾ. ਕਵਲਜੀਤ ਸਿੰਘ ਸੰਧੂ ਅਤੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਤੋਂ ਡਾ. ਆਸ਼ੀਸ਼ ਬਾਲਦੀ ਨੇ ਕ੍ਰਮਵਾਰ ਫੂਡ ਸਾਇੰਸ ਤੇ ਫਾਰਮੇਸੀ ਦੇ ਖੇਤਰਾਂ ਵਿਚ ਬਿਹਤਰੀਨ ਰਿਸਰਚ ਨਾਲ ਯੂਨੀਵਰਸਿਟੀ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ ਹੈ।
ਦੇਸ਼ ਭਰ ਵਿਚੋਂ ਫੂਡ ਸਾਇੰਸ ਖੇਤਰ ਵਿਚ ਕੁੱਲ 20 ਅਤੇ ਫਾਰਮੇਸੀ ਖੇਤਰ ਵਿਚ 91 ਭਾਰਤੀ ਵਿਗਿਆਨੀਆਂ ਨੂੰ ਉਹਨਾਂ ਦੀ ਖੋਜ ਦੀ ਕੁਆਲਟੀ ਅਤੇ ਮਾਤਰਾ ਦੇ ਸੂਚਕਾਂ ਦੇ ਅਧਾਰ ਤੇ ਇਸ ਗਲੋਬਲ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ।
ਵਿਸ਼ਵ ਪੱਧਰ 'ਤੇ ਡਾ. ਸੰਧੂ ਨੇ 967ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂ ਕਿ ਡਾ. ਬਾਲਦੀ ਨੇ ਆਪਣੇ ਖੇਤਰ ਵਿਚ 1745ਵਾਂ ਰੈਂਕ ਹਾਸਿਲ ਕੀਤਾ।
ਡਾ. ਕਵਲਜੀਤ ਸਿੰਘ ਸੰਧੂ ਸਰਗਰਮੀ ਨਾਲ ਫੂਡ ਸਾਇੰਸ ਦੇ ਖੇਤਰ ਵਿਚ ਖੋਜ ਕਾਰਜ ਕਰ ਰਹੇ ਹਨ। ਉਹਨਾਂ ਦੀਆਂ ਵੱਖ-ਵੱਖ ਵਿਸ਼ਿਆਂ ਤੇ 3 ਕਿਤਾਬਾਂ, 12 ਕਿਤਾਬਾਂ ਦੇ ਚੈਪਟਰ ਅਤੇ 82 ਪ੍ਰਕਾਸ਼ਨਾਂ ਦੁਨੀਆਂ ਦੇ ਨਾਮਵਰ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਕੋਪਸ ਮੁਤਾਬਿਕ ਉਹਨਾਂ ਦਾ ਐਚ-ਇੰਡੈਕਸ ਅਤੇ ਹਵਾਲੇ ਕ੍ਰਮਵਾਰ 22 ਅਤੇ 2488 ਹਨ।
ਵੱਖ ਵੱਖ ਫੰਡਿੰਗ ਏਜੰਸੀਆਂ ਵਲੋਂ ਡਾ. ਸੰਧੂ ਨੂੰ 3 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਖੋਜ ਕਾਰਜਾਂ ਲਈ ਮਿਲੀਆਂ ਹਨ, ਜਿਸ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.), ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਭਾਰਤ ਸਰਕਾਰ), ਵਿਗਿਆਨ ਅਤੇ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਅਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਿਲ ਮੁੱਖ ਤੌਰ ਤੇ ਸ਼ਾਮਿਲ ਹਨ। ਉਨ੍ਹਾਂ ਨੂੰ ਐਸੋਸੀਏਸ਼ਨ ਆਫ ਫੂਡ ਸਾਇੰਟਿਸਟਸ ਐਂਡ ਟੈਕਨੋਲੋਜਿਸਟ (ਇੰਡੀਆ) ਵਲੋਂ “ਯੰਗ ਸਾਇੰਟਿਸਟ ਅਵਾਰਡ” ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜਾਬ ਅਕਾਦਮੀ ਆਫ਼ ਸਾਇੰਸਿਜ਼ ਵੱਲੋਂ ਵੀ ਡਾ. ਸੰਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਉਹ ਇਸ ਸਮੇਂ ਕਿੰਨੂ ਦੇ ਜੂਸ ਵਿਚੋਂ ਕੁੜੱਤਣ ਨੂੰ ਘੱਟ ਕਰਕੇ ਇਸ ਦੀ ਪੈਕਿੰਗ ਕਰਨ, ਸਟਾਰਚ ਐਪਲੀਕੇਸ਼ਨਾਂ, ਐਂਟੀਆਕਸੀਡੈਂਟਸ ਅਤੇ ਭੋਜਨ ਵਿਚ 3 ਡੀ ਪ੍ਰਿੰਟਿੰਗ ਦੀ ਭੂਮਿਕਾ ਵਿਸ਼ੇ ਤੇ ਅਹਿਮ ਖੋਜ ਕਾਰਜ ਕਰ ਰਹੇ ਹਨ।
ਡਾ. ਆਸ਼ੀਸ਼ ਬਾਲਦੀ ਫਾਰਮਾਸਿਊਟੀਕਲ ਸਾਇੰਸ ਦੇ ਖੇਤਰ ਵਿੱਚ ਖੋਜ ਕਾਰਜਾਂ ਲਈ ਵਿਸ਼ਵ-ਵਿਆਪੀ ਤੌਰ ਤੇ ਜਾਣੇ ਜਾਂਦੇ ਹਨ। ਉਹਨਾਂ ਨੇ 5 ਪੇਟੈਂਟਾਂ ਕਰਵਾਈਆਂ ਹਨ ਅਤੇ 2 ਅਹਿਮ ਟੈਕਨਾਲੋਜੀਜ਼ ਇੰਡਸਟਰੀਜ਼ ਨੂੰ ਸਮਰਪਿਤ ਕੀਤੀਆਂ ਹਨ। ਡਾ. ਬਾਲਦੀ ਹੁਣ ਤੱਕ 12 ਕਿਤਾਬਾਂ ਲਿਖ ਚੁੱਕੇ ਹਨ ਅਤੇ ਉਹਨਾਂ ਦੇ 125 ਤੋਂ ਵੱਧ ਪ੍ਰਕਾਸ਼ਨ ਅਤੇ 150 ਤੋਂ ਵੱਧ ਟਾਕ-ਸ਼ੋਅ ਤੇ ਪੇਸ਼ਕਾਰੀਆਂ ਆਯੋਜਿਤ ਹੋ ਚੁੱਕੇ ਹਨ। ਭਾਰਤ ਸਰਕਾਰ ਵਲੋਂ ਉਹਨਾਂ ਨੂੰ 12 ਪ੍ਰਮੁੱਖ ਖੋਜ ਗ੍ਰਾਂਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਹ ਵਰਤਮਾਨ ਸਮੇਂ ਪੰਜਾਬ ਦੇ ਭੱਖਦੇ ਮਸਲਿਆਂ 'ਤੇ ਖੋਜ ਕਾਰਜ ਕਰ ਰਹੇ ਹਨ, ਜਿਨ੍ਹਾਂ ਵਿਚ ਮੈਡੀਸੀਨਲ ਪਲਾਂਟ ਦੀ ਖੇਤੀਬਾੜੀ ਤੇ ਕਿਸਾਨਾਂ ਨਾਲ ਸਬੰਧਿਤ ਮੁੱਦੇ, ਛਾਤੀ ਦੇ ਕੈਂਸਰ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਪ੍ਰਾਜੈਕਟਾਂ ਜਿਵੇਂ ਕਿਫਾਇਤੀ ਸਿਹਤ ਸੰਭਾਲ ਲਈ ਕੁਆਲਟੀ-ਡਿਜ਼ਾਈਨ ਤਕਨੀਕ ਦਾ ਯੋਗਦਾਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਆਦਿ ਸ਼ਾਮਿਲ ਹਨ।
ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਐਮ.ਆਰ.ਐਸ.ਪੀ.ਟੀ.ਯੂ. ਦੇ ਸਾਬਕਾ ਵਿਦਿਆਰਥੀ ਡਾ. ਹਰਪ੍ਰੀਤ ਸਿੰਘ, ਜੋ ਹੁਣ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਰੋਪੜ ਵਿਚ ਕੰਮ ਕਰ ਰਹੇ ਹਨ, ਨੇ ਵੀ “ਪਦਾਰਥਾਂ” ਦੇ ਖੇਤਰ ਵਿਚ ਖੋਜ ਲਈ ਇਸ ਵਿਸ਼ਵ ਪੱਧਰ ਦੀ ਲਿਸਟ ਵਿਚ ਸਥਾਨ ਹਾਸਿਲ ਕਰਕੇ ਨਾਮਣਾ ਖੱਟਿਆ ਹੈ।
ਯੂਨੀਵਰਸਿਟੀ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦੋਵਾਂ ਵਿਗਿਆਨੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਇਸ ਮੌਕੇ ਦੋਵਾਂ ਵਿਗਿਆਨੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਇਸ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਦੋਨਾਂ ਵਿਗਿਆਨੀਆਂ ਨੇ ਖੋਜ ਪ੍ਰਕਾਸ਼ਨਾਂ ਰਾਹੀ ਯੂਨੀਵਰਸਿਟੀ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਪ੍ਰਾਪਤੀ ਤੇ ਯੂਨੀਵਰਸਿਟੀ ਨੂੰ ਬਹੁਤ ਮਾਣ ਹੈ। ਉਹਨਾਂ ਦੋਵਾਂ ਵਿਗਿਆਨੀਆਂ ਵਲੋਂ ਕੀਤੀ ਸਖਤ ਮਿਹਨਤ ਅਤੇ ਵਿਗਿਆਨ ਨੂੰ ਅੱਗੇ ਵਧਾਉਣ ਲਈ ਸ਼ਾਨਦਾਰ ਖੋਜ ਕਾਰਜ ਕਰਨ ਲਈ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਲਈ ਹੋਰ ਅਹਿਮ ਪ੍ਰਾਪਤੀ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਯੂਨੀਵਰਸਿਟੀ ਵਲੋਂ ਖੋਜ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਵਾਉਂਦਿਆਂ ਖੋਜ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ।
ਪ੍ਰੋ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਨੌਜਵਾਨ ਵਿਗਿਆਨੀਆਂ ਅਤੇ ਵਿਦਵਾਨਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗੀ ਅਤੇ ਯੂਨੀਵਰਸਿਟੀ ਫੈਕਲਟੀ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਹੋਰ ਪ੍ਰਾਪਤੀਆਂ ਲਈ ਉਤਸ਼ਾਹਿਤ ਕਰੇਗੀ।
ਇਸ ਮੌਕੇ ਦੌਨਾਂ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਯੂਨੀਵਰਸਿਟੀ ਦੇ ਡੀਨ (ਖੋਜ ਅਤੇ ਵਿਕਾਸ) ਪ੍ਰੋਫੈਸਰ (ਡਾ.) ਜਸਬੀਰ ਸਿੰਘ ਹੁੰਦਲ ਨੇ ਐੱਨ.ਆਈ.ਆਰ.ਐਫ., ਟਾਈਮਜ਼ ਹਾਇਰ ਐਜੂਕੇਸ਼ਨ ਵਰਗੇ ਵਿੱਦਿਅਕ ਅਦਾਰਿਆਂ ਵਿਚ ਰੈਂਕਿੰਗ ਮਾਪਦੰਡਾਂ ਲਈ ਖੋਜ ਅਤੇ ਵਿਕਾਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵਿਸ਼ਵ ਯੂਨੀਵਰਸਿਟੀ ਦਰਜਾਬੰਦੀ, ਐਨ.ਏ.ਏ.ਸੀ., ਐਨ.ਬੀ.ਏ. ਆਦਿ ਵਿਚ ਰੈਂਕਿੰਗ ਹਾਸਿਲ ਕਰਨ ਲਈ ਯੂਨੀਵਰਸਿਟੀ ਫੈਕਲਟੀ ਦੀਆਂ ਖੋਜ ਅਤੇ ਅਕਾਦਮਿਕ ਪ੍ਰਾਪਤੀਆਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਫੰਡਿੰਗ ਏਜੰਸੀਆਂ ਵਲੋਂ ਯੂਨੀਵਰਸਿਟੀ ਨੂੰ ਖੋਜ ਪ੍ਰਾਜੈਕਟਾਂ ਦੇ ਰੂਪ ਵਿਚ 6 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ, ਜਦੋਂ ਕਿ 2 ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਪਾਈਪ ਲਾਈਨ ਵਿੱਚ ਹਨ।
ਇਥੇ ਇਹ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੀ ਸਥਾਪਨਾ ਭਾਵੇਂ 2015 ਵਿੱਚ ਕੀਤੀ ਗਈ ਹੈ, ਪ੍ਰੰਤੂ ਇਸ ਦੀਆਂ ਖੋਜ ਸੰਬੰਧੀ ਗਤੀਵਿਧੀਆਂ ਸਥਾਪਿਤ ਯੂਨੀਵਰਸਿਟੀਆਂ ਦੇ ਬਰਾਬਰ ਹਨ।
ਫਾਰਮਾਸਿਊਟੀਕਲ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਮੁਖੀ ਡਾ. ਰਾਹੁਲ ਦੇਸ਼ਮੁਖ, ਡਾਇਰੈਕਟਰ, ਕਾਲੇਜ ਡਿਵਲਪਮੈਂਟ ਕੌਂਸਲ, ਡਾ. ਅਸ਼ੋਕ ਗੋਇਲ, ਡੀਨ ਵਿਦਿਆਰਥੀ ਭਲਾਈ, ਡਾ. ਪਰਮਜੀਤ ਸਿੰਘ, ਡਾਇਰੈਕਟਰ ਲੋਕ ਸੰਪਰਕ, ਹਰਜਿੰਦਰ ਸਿੰਘ ਸਿੱਧੂ, ਡਾਇਰੈਕਟਰ ਸਿਖਲਾਈ ਅਤੇ ਪਲੇਸਮੈਂਟ, ਹਰਜੋਤ ਸਿੰਘ ਸਿੱਧੂ ਨੇ ਫੂਡ ਸਾਇੰਸ ਅਤੇ ਫਾਰਮੇਸੀ ਖੋਜ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਡਾ. ਸੰਧੂ ਅਤੇ ਪ੍ਰੋ. ਬਾਲਦੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।
ਇੱਥੇ ਇਹ ਦੱਸਣਾ ਮਹੱਤਵਪੂਰਣ ਹੈ ਕਿ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਸ਼ਵ ਦੇ ਲਗਭਗ 1,60,000 ਚੋਟੀ ਦੇ ਵਿਗਿਆਨੀਆਂ ਦਾ ਇੱਕ ਡੇਟਾਬੇਸ ਤਿਆਰ ਕੀਤਾ ਹੈ, ਜਿਸ ਵਿਚ ਪ੍ਰਮਾਣਿਤ ਹਵਾਲਾ ਸੰਕੇਤਾਂ ਜਿਵੇਂ ਕਿ ਹਵਾਲੇ, ਐਚ-ਇੰਡੈਕਸ, ਸਹਿ-ਲੇਖਕ, ਐਡਜਸਟ ਦੇ ਅਧਾਰ ਤੇ ਰੈਂਕਿੰਗ ਕੀਤੀ ਗਈ ਹੈ। ਵਿਗਿਆਨੀਆਂ ਨੂੰ 22 ਵਿਗਿਆਨਕ ਖੇਤਰਾਂ ਅਤੇ 176 ਉਪ-ਖੇਤਰਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ। ਇਸ ਡੇਟਾਬੇਸ ਵਿੱਚ ਵਿਸ਼ਾ ਵਸਤੂ-ਵਿਸ਼ਲੇਸ਼ਣ, ਸਟੈਨਫੋਰਡ ਯੂਨੀਵਰਸਿਟੀ, ਯੂ.ਐਸ.ਏ. ਦੀ ਟੀਮ ਦੁਆਰਾ ਕੀਤਾ ਗਿਆ ਹੈ, ਜਿਸ ਦੀ ਅਗਵਾਈ ਡਾ. ਜੋਨ ਪੀ.ਏ. ਆਈਓਨੇਡੀਸ ਕਰ ਰਹੇ ਹਨ ਅਤੇ ਇਸ ਦਾ ਪ੍ਰਕਾਸ਼ਨ ਪ੍ਰਸਿੱਧ ਜਰਨਲ ‘ਪੀ.ਐਲ.ਓ.ਐਸ. ਬਾਇਓਲੋਜੀ’ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ।