ਅਸ਼ੋਕ ਵਰਮਾ
ਨਵੀਂ ਦਿੱਲੀ, 5 ਦਸੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਮੋਦੀ , ਅੰਬਾਨੀ ਅਤੇ ਅਡਾਨੀ ‘ਤਿੱਕੜੀ’ ਦਾ ਪੁਤਲਾ ਸਾੜਿਆ ਅਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਅਤੇ ਦੇਸ਼ ਵਾਸੀਆਂ ਨੂੰ 8 ਦਸੰਬਰ ਦਾ ਦੇਸ਼ ਵਿਆਪੀ ਬੰਦ ਸਫਲ ਬਨਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹਾਜਰ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ।
ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਦਿੱਲੀ ਖਿੱਤੇ ’ਚ ਪੈ ਰਹੀ ਜੋਰਦਾਰ ਠੰਢ ਦੇ ਬਾਵਜੂਦ ਕੁੰਡਲੀ ਬਾਰਡਰ ਤੇ ਹਜਾਰ ਕਿਸਾਨ ਮਜਦੂਰ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਤੇ ਹੱਕੀ ਮੰਗਾਂ ਮਨਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਿਸਾਨੀ ਸੰਘਰਸ਼ ਨਿਰੰਤਰ ਜਾਰੀ ਹੈ , ਜੋ ਬਿੱਲ ਰੱਦ ਕਰਵਾਉਣ ਤੱਕ ਜਾਰੀ ਰਹੇਗਾ ।
ਇਸ ਸੰਘਰਸ਼ ਦੀ ਅਗਵਾਈ ਕਰਦਿਆਂ ਸੂਬਾ ਆਗੂ ਜਸਬੀਰ ਸਿੰਘ ਪਿੱਦੀ , ਸੁਖਵਿੰਦਰ ਸਿੰਘ ਸਭਰਾ ਅਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ 8 ਦਸੰਬਰ ਦੇ ਬੰਦ ਨੂੰ ਸਫਲ ਕਰਨ ਲਈ ਸਾਰੇ ਵਰਗਾਂ ਤੇ ਦੇਸ਼ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ । ਉਹਨਾਂ ਦੱਸਿਆ ਕਿ ਮੌਜੂਦਾ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਪਹੁੰਚ ਕੇ ਹਮਾਇਤ ਦੇ ਰਹੀਆਂ ਹਨ । ਆਗੂਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨ ਬਿੱਲ ਪੂਰਨ ਰੂਪ ਵਿੱਚ ਵਾਪਸ ਲਏ ਜਾਣ ਅਤੇ ਕੇਂਦਰ ਖੇਤੀ ਕਾਨੂੰਨਾਂ ਵਿੱਚ ਜੋ ਸੋਧ ਕਰਨਾਂ ਚਾਹੁੰਦਾ ਹੈ ਉਸਨੂੰ ਕਿਸਾਨ ਮਜਦੂਰ ਜਥੇਬੰਦੀ ਮੁੱਢੋ ਰੱਦ ਕਰਦੀ ਹੈ ।
ਉਹਨਾਂ ਆਖਿਆ ਕਿ ਕੇਂਦਰ ਨੂੰ ਸੰਘਰਸ਼ ਕਰ ਰਹੀਆਂ ਮੁਲਕ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਣਾ ਚਾਹੀਦਾ ਹੈ । ਅਜਿਹਾ ਨਾਂ ਹੋਣ ਦੀ ਸੂਰਤ ’ਚ ਜੱਥੇਬੰਦੀ ਨੇ ਅੱਜ ਦੀ ਮੀਟਿੰਗ ਦਾ ਬਾਈਕਾਟ ਕੀਤਾ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਪ ਮੀਟਿੰਗ ਕਰਕੇ ਕਿਸਾਨ ਵਿਰੋਧੀ ਬਿੱਲ ਤੁਰੰਤ ਰੱਦ ਕਰਨ । ਇਸ ਮੌਕੇ ਸ਼ਵਿੰਦਰ ਸਿੰਘ ਰੂਪੋਵਾਲੀ , ਝਿਰਮਲ ਸਿੰਘ ਬੱਜੂਮਾਨ , ਹਰਭਜਨ ਸਿੰਘ ਵੈਰੋਨੰਗਲ , ਟੇਕ ਸਿੰਘ ਝੰਡੇ , ਮੇਹਰ ਸਿੰਘ ਤਲਵੰਡੀ ਅਤੇ ਤਰਸੇਮ ਸਿੰਘ ਧਾਰੀਵਾਲ ਆਦਿ ਹਾਜਰ ਸਨ।