ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਦਸੰਬਰ 2020 - ਵਿਸ਼ਵ ਭੂਮੀ ਸਿਹਤ ਦਿਵਸ' ਨੂੰ ਸਮਰਪਿਤ ਪ੍ਰੋਗਰਾਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਇੱਕ ਸਮਾਰੋਹ ਦਾ ਅਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ.ਜਗਦੀਸ਼ ਗਰੋਵਰ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕੇ ਵੀ ਕੇ ਫਰੀਦਕੋਟ ਨੇ ਕੀਤੀ। ਇਸ ਸਮੇਂ ਨੇੜੇ ਦੇ ਪਿੰਡਾਂ ਤੋਂ ਕਈ ਸਰਪੰਚ, ਪੰਚ ਅਤੇ ਅਗਾਂਹਵਧੂ ਕਿਸਾਨ ਭਰਾਵਾਂ ਨੇ ਸ਼ਿਰਕਤ ਕੀਤੀ।ਇਸ ਸਮਾਰੋਹ ਦੀ ਰਸਮੀ ਸ਼ੁਰੁਆਤ ਦੌਰਾਨ ਡਾ.ਰਕੇਸ਼ ਕੁਮਾਰ, ਪ੍ਰੋਫੈਸਰ (ਖੇਤੀਬਾੜੀ ਇੰਜੀ.) ਨੇ ਸਮੂਹ ਨੂੰ ਜੀ ਆਇਆਂ ਕਿਹਾ ਅਤੇ ਜ਼ਮੀਨ ਦੀ ਸਿਹਤ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਇਸ ਸਮਾਰੋਹ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ।
ਇਸ ਉਪਰੰਤ ਡਾ.ਗੁਰਦਰਸ਼ਨ ਸਿੰਘ ਸਹਿਯੋਗੀ ਪ੍ਰੋਫੈਸਰ(ਬਾਗਬਾਨੀ) ਨੇ ਬਦਲਵੇਂ ਖੇਤੀ ਪ੍ਰਬੰਧ ਵਜੋਂ ਅਤੇ ਘਰੇਲੂ ਲੋੜਾਂ ਦੀ ਪੁਰਤੀ ਹਿੱਤ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਕਰਨ ਲਈ ਤਕਨੀਕੀ ਨੁਕਤੇ ਸਾਂਝੇ ਕੀਤੇ।ਡਾ ਸੁਖਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਚਿਰ ਸਥਾਈ ਖੇਤੀ ਲਈ ਢੁੱਕਵੇਂ ਫਸਲੀ-ਚੱਕਰ, ਜੈਵਿਕ ਖਾਦਾਂ ਦੀ ਵਰਤੋਂ ਅਤੇ ਸੰਤੁਲਿਤ ਖਾਦ ਪ੍ਰਬੰਧ ਦੀ ਲੋੜ ਬਾਰੇ ਵਿਚਾਰ ਕਰਦਿਆਂ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਦੀ ਅਪੀਲ ਕੀਤੀ। ਡਾ. ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਪੂਰਤੀ ਬਾਰੇ ਗੱਲ ਕਰਦਿਆਂ ਹਾਜ਼ਰੀਨ ਨੂੰ ਭੁਮੀ ਦੀ ਸਿਹਤ ਸੁਧਾਰਨ ਵੱਲ ਰੁਚਿਤ ਕੀਤਾ। ਇਸ ਮੌਕੇ ਮੌਸਮ ਵਿਗਿਆਨੀ ਡਾ ਸੁਧੀਰ ਮਿਸ਼ਰਾ ਨੇ ਵੀ ਖੇਤੀ ਮੌਸਮ ਵਿਗਿਆਨ, ਵਾਤਾਵਰਨ ਅਤੇ ਖੇਤੀ ਉਤਪਾਦਨ ਦੀ ਅੰਤਰ-ਸੰਬੰਧਤਾ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਹਰਿੰਦਰ ਸਿੰਘ, ਜਿਲਾ ਪਸਾਰ ਮਾਹਿਰ( ਐਫ.ਏ.ਐਸ.ਸੀ) ਫਰੀਦਕੋਟ ਨੇ ਹਾੜੀ ਦੀਆਂ ਫਸਲਾਂ ਵਿੱਚ ਨਦੀਨ ਪ੍ਰਬੰਧ ਬਾਰੇ ਨੁਕਤੇ ਸਾਂਝੇ ਕੀਤੇ।
ਅੰਤ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਗਰੋਵਰ ਨੇ ਹਾਜਰ ਕਿਸਾਨਾਂ ਨੂੰ ਖੇਤੀ ਪੈਦਾਵਾਰ ਵਧਾਉਣ ਦੇ ਨਾਲ ਨਾਲ ਕੁਆਲਟੀ ਉਤਪਾਦਨ ਲਈ ਕੁਦਰਤੀ ਸੋਮਿਆਂ- ਹਵਾ, ਪਾਣੀ ਅਤੇ ਜਮੀਨ ਦੀ ਸਿਹਤ ਸੰਭਾਲ, ਖੇਤੀ ਰਸਾਇਣਾਂ ਦੀ ਸੰਜਮੀ ਵਰਤੋਂ ਕਰਕੇ ਲਾਗਤ ਦਰ ਘਟਾਉਣ, ਫਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਵਰਤਣ ਅਤੇ ਮੌਜੂਦਾ ਦੌਰ ਵਿੱਚ ਖੇਤੀ-ਪ੍ਰਬੰਧ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਦੀ ਅਪੀਲ ਕੀਤੀ ।ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਆਏ ਹੋਏ ਕਿਸਾਨਾਂ ਨੂੰ ਖੇਤੀ ਸਾਹਿਤ ਵੀ ਵੰਡਿਆ ਗਿਆ।ਇਸ ਸਮਾਰੋਹ ਵਿੱਚ ਕ੍ਰਿਸੀ ਵਿਗਿਆਨ ਕੇਂਦਰ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਿਰਸਿਟੀ ਦੇ 'ਰੂਰਲ ਐਗਰੀਕਲਚਰਲ ਵਰਕ ਐਕਸਪੀਰੀਐਂਸ' ਕੋਰਸ ਤਹਿਤ ਕਾਰਜਸ਼ੀਲ ਵਿਦਿਆਰਥੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।