ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ 2020 - ਭਾਰਤ ਸਰਕਾਰ ਦੇੇ ਯੁਵਾ ਮੰਤਰਾਲੇ ਅਤੇ ਖੇਡ ਵਿਭਾਗ ਵੱਲੋ ਕੇਂਦਰੀ ਮੰਤਰੀ ਕਿਰਨ ਰੀਜਜੂ ਦੀ ਅਗਵਾਈ ਹੇਠ ‘ਏਕ ਭਾਰਤ ਸ੍ਰੇਸ਼ਟ ਭਾਰਤ’ ਦੇ ਬੈਨਰ ਹੇਠ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਦੇ ਨਾਲ ਨਾਲ ਇੱਕ ਦੁਜੇ ਰਾਜਾਂ ਦੇ ਸੱਭਿਆਚਾਰ ਅਤੇ ਭਾਸ਼ਾ ਜਾਣਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੌਜਵਾਨ ਜਾਹਰਾ ਤੌਰ ਤੇ ਇੱਕ ਦੂਜੇ ਸੂਬਿਆਂ ’ਚ ਜਾ ਕੇ ਜਾਣਕਾਰੀ ਲੈਂਦੇ ਸਨ ਪਰ ਕਰੋਨਾ ਕਾਰਨ ਇਸ ਨੂੰ ਕਈ ਪੜਾਵਾਂ ਵਿੱਚ ਵੈਬੀਨਾਰ ਰਾਂਹੀ ਕਰਵਾਇਆ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਨਾਲ ਆਧਰਾ ਪ੍ਰਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਦੇ 600 ਨੌਜਵਾਨ ਪ੍ਰੋਗਰਾਮ ’ਚ ਸ਼ਾਮਲ ਹਨ।
ਪੰਜਾਬ ਦੀ ਅਗਵਾਈ ਨਿਰਦੇਸ਼ਕ ਸੁਖਦੇਵ ਸਿੰਘ ਅਤੇ ਆਧਰਾ ਪ੍ਰਦੇਸ਼ ਦੀ ਅਗਵਾਈ ਡਾਇਰੈਕਟਰ ਰਚੂਰੀ ਵੈਕਟਸ਼ਮ ਨੇ ਕੀਤੀ । ਵੈਬੀਨਾਰ ਦਾ ਉਦਘਾਟਨ ਯੁਵਾ ਮਾਮਲਿਆਂ ਦੇ ਸਕੱਤਰ ਉਸ਼ਾ ਸ਼ਰਮਾ ਨੇ ਕੀਤਾ। ਉਹਨਾਂ ਨੌਜਵਾਨਾਂ ਨੂੰ ਅਪੀਲ਼ ਕੀਤੀ ਕਿ ਉਹ ਸੰਜੀਦਗੀ ਨਾਲ ਇੱਕ ਦੂਸਰੇ ਰਾਜ ਬਾਰੇ ਜਾਣਨ ਦੀ ਕੋਸ਼ਿਸ਼ ਕਰਨ । ਇਸ ਤੋ ਪਹਿਲਾਂ ਨਹਿਰੂ ਯੁਵਾ ਕੇਂਦਰ ਦੇ ਮਹਾਂਨਿਰਦੇਸ਼ਕ ਕਮ ਜੁਆਇੰਟ ਸਕੱਤਰ ਯੁਵਾ ਮਾਮਲੇ ਅਤੇ ਖੇਡ ਵਿਭਾਗ ਅਸਿਤ ਨੇ ਭਾਗੀਦਾਰਾਂ ਨੂੰ ਜੀ ਆਇਆਂ ਆਖਦਿਆਂ ਏਕ ਭਾਰਤ ਸ੍ਰੇਸ਼ਟ ਭਾਰਤ ਦੇ ਮੰਤਵ ਬਾਰੇ ਚਾਣਨਾ ਪਾਇਆ।
ਉਹਨਾਂ ਕਿਹਾ ਕਿ ਸਰਕਾਰ ਆਤਮ ਨਿਰਭਰ ਅਤੇ ਫਿੱਟ ਇੰਡੀਆ ਰਾਂਹੀ ਨੌਜਵਾਨਾਂ ਨੂੰ ਸਵੈਰੋਜਗਾਰ ਅਤੇ ਤੰਦਰੁਸਤ ਰੱਖਣ ਲਈ ਉਪਰਾਲੇ ਕਰ ਰਹੀ ਹੈ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਨਹਿਰੂ ਯੁਵਾ ਕੇਂਦਰ ਸਗੰਠਨ ਦੇ ਡਾਇਰੈਕਟਰ ਡਾ.ਮਹਿੰਦਰਪਾਲ ਗੁਪਤਾ ਅਤੇ ਪੰਜਾਬ ਰਾਜ ਦੇ ਮੁੱਖ ਰਿਸੋਰਸ ਪਰਸਨ ਡਾ.ਯੋਗਰਾਜ ਅੰਬਰੀਸ਼ ਨੇ ਪੰਜਾਬੀ ਭਾਸ਼ਾ ਅਤੇ ਇਸ ਦੇ ਇਤਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਹਿੰਦੀ,ਪੰਜਾਬੀ ਅਤੇ ਉਰਦੂ ਇੰਡੋਆਰੀਅਨ ਦੇ ਲੋਕਾਂ ਦੀ ਭਾਸ਼ਾ ਸੀ ਜਿਸ ਕਾਰਨ ਹੀ ਇਹਨਾਂ ਭਾਸ਼ਵਾਂ ਦੇ ਕਈ ਸ਼ਬਦ ਸਾਂਝੇ ਹਨ।
ਡਾ.ਯੋਗਰਾਜ ਨੇ ਬੜੇ ਹੀ ਸਾਧਾਰਣ ਲਹਿਜੇ ਨਾਲ ਆਮ ਵਰਤੋਂ ’ਚ ਆਉਣ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਪੰਜਾਬੀ ਵਰਣਮਾਲਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਆਧਰਾ ਪ੍ਰਦੇਸ਼ ਦੇ ਭਾਗੀਦਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਆਮ ਵਰਤੋਂ ’ਚ ਆਉਣ ਵਾਲੀ ਰੌਚਕ ਸ਼ਬਦਾਵਲੀ ਨਾਲ ਦੱਸਿਆ ਜਿਸ ਦਾ ਵੈਬੀਨਾਰ ’ਚ ਹਿੱਸਾ ਲੈਣ ਵਾਲਿਆਂ ਨੇ ਆਨੰਦ ਲਿਆ।
ਆਧਰਾਂ ਪ੍ਰਦੇਸ਼ ਦੇ ਸ਼ੰਕਰ ਰਾਓ ਨੇ ਆਂਧਰਾ ਦੀ ਭਾਸ਼ਾ ਤੇਲਗੂ ਅਤੇ ਉਸ ਦੇ ਇਤਹਾਸ ਬਾਰੇ ਚਾਣਨਾ ਪਾਇਆ। ਉਹਨਾਂ ਦੱਸਿਆਂ ਕਿ ਆਂਧਰਾ ਪ੍ਰਦੇਸ਼ ਵਿੱਚ ਹਿੰਦੀ ਅਤੇ ਬੇਗਾਲੀ ਭਾਸ਼ਾ ਵੀ ਬੋਲੀ ਜਾਂਦੀ ਹੈ।ਇਸ ਤੋ ਇਲਾਵਾ ਮੈਡਮ ਪਦਮਾਵਤੀ ਨੇ ਵੀ ਆਮ ਜਾਣਕਾਰੀ ਵਾਲੇ ਸ਼ਬਦਾਂ ਨਾਲ ਜਾਣਕਾਰੀ ਸਾਂਝੀ ਕੀਤੀ। ਦੋਵਾਂ ਮਾਹਿਰਾਂ ਨੇ ਪੰਜਾਬ ਦੇ ਨੌਜਵਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਰਾਹੀਂ ਜਗਿਆਸਾ ਸ਼ਾਂਤ ਕੀਤੀ। ਨਹਿਰੂ ਯੁਵਾ ਕੇਂਦਰ ਮਾਨਸਾ ਬਰਨਾਲਾ ਦੇ ਜਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 600 ਤੋ ਵੱਧ ਨੌਜਵਾਨਾਂ ਨੇ ਭਾਗ ਲਿਆ ਜਿਹਨਾਂ ’ਚ ਮਾਨਸਾ ਅਤੇ ਬਰਨਾਲਾ ਦੇ 30- 30 ਨੌਜਵਾਨ ਸ਼ਾਮਲ ਹਨ।
ਵੈਬੀਨਾਰ ਦੇ ਅੰਤ ਵਿੱਚ ਨਹਿਰੂ ਯੁਵਾ ਕੇਂਦਰ ਸਗੰਠਨ ਦੇ ਡਿਪਟੀ ਡਾਿੲਰੈਕਟਰ ਡਾ.ਪ੍ਰਭਾਤ ਵਰਮਾ ਨੇ ਸਮੂਹ ਭਾਗੀਦਾਰਾਂ,ਰਿਸੋਰਸ ਪਰਸਨਜ਼ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਲਦੀ ਹੀ ਇਸ ਪ੍ਰੋਗਰਾਮ ਵਿੱਚ ਅਗਲੇ ਵਿਸ਼ੇ ਨੂੰ ਸ਼ਾਮਲ ਕਰਕੇ ਵੈਬੀਨਾਰ ਕਰਵਾਇਆ ਜਾਵੇਗਾ। ਇਸ ਮੌਕੇ ਸੁਰਿੰਦਰ ਸੈਣੀ ਡਿਪਟੀ ਡਾਇਰੈਕਟਰ,ਪਰਮਜੀਤ ਸਿੰਘ,ਨੇਹਾ ਸ਼ਰਮਾ,ਰਸ਼ਮੀਤ ਕੌਰ ਅਤੇ ਸਰਬਜੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।