ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ 2020 - ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬਣਾਏ ਬੇਰੁਜ਼ਗਾਰ ਸਾਂਝਾ ਅਧਿਆਪਕ ਫਰੰਟ ਨੇ ਐਤਵਾਰ 6 ਦਸੰਬਰ ਨੂੰ ਵੱਖ ਵੱਖ ਜਿਲਿਆਂ ’ਚ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਫਰੰਟ ਦੇ ਜਿਲਾ ਬਠਿੰਡਾ ਦੇ ਆਗੂ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ646ਪੀ.ਟੀ ਆਈ(2011), ਟੈਟ ਪਾਸ ਬੀ. ਐਡ ਅਧਿਆਪਕ,ਆਲ ਪੰਜਾਬ 873 ਅਧਿਆਪਕ, ਆਰਟ ਐਂਡ ਕਰਾਫਟ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ ਯੂਨੀਅਨ ਅਤੇ ਹੋਰ ਭਰਾਤਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਬਠਿੰਡਾ ’ਚ ਅਰਥੀ ਫੂਕੀ ਜਾਏਗੀ।
ਉਹਨਾਂ ਦੱਸਿਆ ਕਿ ਐਤਵਾਰ ਨੂੰ ਟੀਚਰਜ਼ ਹੋਮ ਬਠਿੰਡਾ ’ਚ ਬੇਰੁਜ਼ਗਾਰ ਇਕੱਠੇ ਹੋਣਗੇ ਅਤੇ ਰੋਸ ਮਾਰਚ ਪਿੱਛੋਂ ਕੈਪਟਨ ਸਰਕਾਰ ਦੀ ਅਰਥੀ ਫੂਕੀ ਜਾਏਗੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਘਰ ਘਰ ਰੁਜ਼ਗਾਰ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਤਾਂ ਕੀ ਕਰਨਾ ਸੀ ਬਲਕਿ ਜਦੋਂ ਵੀ ਬੇਰੁਜ਼ਗਾਰ ਰੁਜ਼ਗਾਰ ਦੀ ਮੰਗ ਕਰਦੇ ਹਨ ਤਾਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਪੁਲਿਸ ਵੱਲੋਂ ਬੇਰੁਜ਼ਗਾਰ ਲੜਕੀਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।
ਬੇਰੁਜ਼ਗਾਰ ਅਧਿਆਪਕ ਬਲਕਾਰ ਸਿੰਘ ਅਤੇ ਸਖਦੀਪ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਬੇਰੁਜਗਾਰ ਸੜਕਾਂ ਤੇ ਰੁਲ ਰਹੇ ਹਨ ਜਦੋਂਕਿ ਦੂਜੇ ਪਾਸੇ ਸਾਡੇ ਕਿਸਾਨਾਂ ਨੂੰ ਮੰਗਾਂ ਖਾਤਰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ। ਇਸ ਮੌਕੇ ਕੋਚ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਫੂਲ, ਬਿਕਰਮਜੀਤ ਸਿੰਘ ਫੂਲ, ਸੁਖਪ੍ਰੀਤ ਸਿੰਘ,ਸਰਬਜੀਤ ਕੌਰ ,ਕਿਰਨਜੀਤ ਕੌਰ ਅਤੇ ਅਮਨਦੀਪ ਕੌਰ ਬਰਾੜ ਆਦਿ ਹਾਜ਼ਰ ਸਨ