ਰਜਨੀਸ਼ ਸਰੀਨ
- 3158 ਪ੍ਰਾਇਮਰੀ ਅਧਿਆਪਕਾਂ ਨੇ ਸੁੰਦਰ ਲਿਖਾਈ ਲਈ ਕੀਤੀ ਸ਼ਮੂਲੀਅਤ - ਇੰਜੀ: ਅਮਰਜੀਤ ਸਿੰਘ
ਪਟਿਆਲਾ, 5 ਦਸੰਬਰ 2020 - ਸਿੱਖਿਆ ਵਿਭਾਗ ਪੰਜਾਬ ਦੀ ਅੱਖਰਕਾਰੀ ਮੁਹਿੰਮ ਨੂੰ ਸੂਬੇ ਭਰ ਚ ਭਾਰੀ ਹੁੰਗਾਰਾ ਮਿਲਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਅਤੇ ਡੀ.ਪੀ.ਆਈ. ਐਲੀਮੈਂਟਰੀ ਲਲਿਤ ਕਿਸ਼ੋਰ ਘਈ ਤੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਦੀ ਦੇਖ-ਰੇਖ ਹੇਠ ਸਮੂਹ ਜ਼ਿਲ੍ਹਿਆਂ ਵਿੱਚ ਹੋਈਆਂ ਸਫਲ ਟਰੇਨਿੰਗਾਂ ਨੇ ਰਾਜ ਭਰ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ। ਅਧਿਆਪਕ ਪੂਰੇ ਉਤਸ਼ਾਹ ਨਾਲ ਅਪਣੀ ਲਿਖਾਈ ਨੂੰ ਹੋਰ ਸੁੰਦਰ ਬਣਾਉਣ ਲਈ ਪੱਬਾਂ ਭਾਰ ਹਨ। ਉਨ੍ਹਾਂ ਵੱਲ੍ਹੋਂ ਸੋਸ਼ਲ ਮੀਡੀਆ ਰਾਹੀਂ ਖੂਬਸੂਰਤ ਪੋਸਟਰਾਂ ਅਤੇ ਵੀਡੀਓਜ਼ ਜ਼ਰੀਏ ਆਪਣੇ ਉਤਸ਼ਾਹ ਅਤੇ ਮਿਹਨਤ ਨੂੰ ਕੀਤਾ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
ਰਾਜ ਭਰ 'ਚ ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸੈਂਟਰ ਹੈੱਡ ਟੀਚਰਾਂ ਨੇ ਟਰੇਨਿੰਗਾਂ ਨੂੰ ਸਫਲ ਬਣਾਇਆ। ਹੈੱਡ ਟੀਚਰਾਂ ਅਤੇ ਮਿਹਨਤੀ ਅਧਿਆਪਕਾਂ ਨੇ ਵੀ ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਮੁਹਿੰਮ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਰਿਸੋਰਸ ਪਰਸਨਾਂ ਨੇ ਵੀ ਸੁੰਦਰ ਲਿਖਾਈ ਦੇ ਨੁਕਤਿਆਂ ਨੂੰ ਸਿਖਾਉਣ ਲਈ ਦਿਲੋਂ ਕਾਰਜ ਕੀਤਾ ਹੈ।
27 ਨਵੰਬਰ ਤੋਂ 5 ਦਸੰਬਰ ਤੱਕ ਸੱਤ ਰੋਜ਼ਾ ਵਰਕਸ਼ਾਪ ਲਗਾਈ ਦੌਰਾਨ ਜ਼ਿਲ੍ਹਾ ਪਟਿਆਲਾ ਵਿੱਚ ਵੀ ਇਹ ਮੁਹਿੰਮ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਇੰਜੀ: ਅਮਰਜੀਤ ਸਿੰਘ, ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਈ। ਜਿਸ ਦੌਰਾਨ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ, ਸਹਾਇਕ ਕੋਆਰਡੀਨੇਟਰ ਤਲਵਿੰਦਰ ਸਿੰਘ ਅਤੇ ਜ਼ਿਲ੍ਹਾ ਅੱਖਰਕਾਰੀ ਇੰਚਾਰਜ ਅਸ਼ਵਨੀ ਬਾਗੜੀਆਂ ਅਤੇ ਰਾਜੇਸ਼ ਕੁਮਾਰ ਨੇ ਵੀ ਅਪਣੀ ਟੀਮ ਨਾਲ ਟਰੇਨਿੰਗਾਂ ਦੇ ਹਰ ਪੜ੍ਹਾਅ ਨੂੰ ਸਫਲ ਬਣਾਇਆ।
ਇਸ ਸੱਤ ਰੋਜ਼ਾ ਵਰਕਸ਼ਾਪ ਦੌਰਾਨ ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਅਧੀਨ 111 ਕਲੱਸਟਰਾਂ ਵਿਚੋਂ 3158 ਅਧਿਆਪਕਾਂ ਨੇ ਭਾਗ ਲੈ ਕੇ ਆਪਣੀ ਲਿਖਾਈ ਹੋਰ ਸੁੰਦਰ ਬਣਾਉਣ ਲਈ ਬਹੁਤ ਉਤਸ਼ਾਹ ਦਿਖਾਇਆ ਗਿਆ । ਅਧਿਆਪਕਾਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਦੀ ਇਸ ਕਦਮ ਲਈ ਬਹੁਤ ਸ਼ਲਾਘਾ ਕੀਤੀ ਗਈ। ਉਨ੍ਹਾਂ ਦੁਆਰਾ ਇਹ ਮੰਗ ਕੀਤੀ ਗਈ ਕਿ ਅਧਿਆਪਕਾਂ ਦੀ ਸਖਸ਼ੀਅਤ ਸੰਵਾਰਨ ਲਈ ਸਮੇਂ-ਸਮੇਂ ਤੇ ਅਜਿਹੀਆਂ ਵਰਕਸ਼ਾਪ ਹੋਰ ਲਗਾਈਆਂ ਜਾਣ।