- ਨੌਜਵਾਨਾਂ ਦੇ ਵੱਡੇ ਇਕੱਠ ਨੇ ਸਾਬਿਤ ਕਰ ਦਿਤਾ ਕਿ ਉਹ ਅਪਣੇ ਹੱਕਾਂ ਦੀ ਰਾਖ਼ੀ ਲਈ ਜਾਗਰੂਕ ਹੈ
- ਢੀਂਡਸਾ ਨੇ ਕਿਹਾ ਅੰਦੋਲਨ ਚ ਹਰਿਆਣਾ ਦੇ ਲੋਕਾਂ ਨੇ ਸਾਥ ਦੇਕੇ ਛੋਟੇ ਭਰਾ ਦਾ ਫਰਜ਼ ਨਿਭਾਇਆ
ਚੰਡੀਗੜ੍ਹ, 5 ਦਸੰਬਰ 2020 - ਕਾਲੇ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਵਿਚ ਸ਼ਾਮਿਲ ਸ਼੍ਰੋਮਣੀ ਅਕਾਲੀ ਦਲ (ਡੈਮੋਕੇਰਟਿਕ) ਦੇ ਸੀਨੀਅਰ ਆਗੂ, ਲਹਿਰਾ ਤੋਂ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਾਥੀ ਲਗਾਤਾਰ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਅਤੇ ਰੋਜ਼ਾਨਾ ਇਸ ਅੰਦੋਲਨ ਵਿਚ ਸੰਘਰਸ਼ੀਲ ਕਿਸਾਨਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਉਨ੍ਹਾ ਨਾਲ ਮੋਢੇ ਨਾਲ ਮੋਢਾ ਜੋੜੀ ਖੜ੍ਹੇ ਹਨ। ਇਸੇ ਲੜੀ ਵਿਚ ਸ਼ਨਿਚਰਵਾਰ ਪਰਮਿੰਦਰ ਸਿੰਘ ਢੀਂਡਸਾ ਬਹਾਦੁਰਗੜ੍ਹ ਬਾਰਡਰ ਤੇ ਪਹੁੰਚੇ। ਜਿਥੇ ਅੰਦੋਲਨ ਵਿਚ ਸ਼ਾਮਿਲ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਵੇਖ ਕੇ ਉਨ੍ਹਾ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।
ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਅੰਦੋਲਨ ਵਿਚ ਜਿਥੇ ਪੰਜਾਬ ਦੇ ਹਰੇਕ ਨਾਗਰਿਕ ਨੇ ਅਪਣਾ ਯੋਗਦਾਨ ਪਾਇਆ ਹੈ, ਉਥੇ ਹੀ ਵਿਸ਼ੇਸ਼ ਤੌਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਨੌਜਵਾਨਾਂ ਨੇ ਅੰਦੋਲਨ ਵਿਚ ਜਾਨ ਭਰ ਦਿਤੀ ਹੈ। ਉਨ੍ਹਾ ਕਿਹਾ ਕਿ ਉਹ ਜਿਥੇ ਵੀ ਜਾ ਕੇ ਅੰਦੋਲਨ ਵਿਚ ਸਾਮਿਲ ਹੋ ਰਹੇ ਹਨ, ਉਥੇ ਨੌਜਵਾਨਾਂ ਦੀ ਗਿਣਤੀ ਸਭਤੋਂ ਵਧ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਜੋਸ਼ ਨੂੰ ਵੇਖਦੇ ਹੋਏ ਕਿਹਾ ਕਿ ਇਸ ਅੰਦੋਲਨ ਨੂੰ ਸਿਰੇ ਚੜ੍ਹਾਉਣ ਵਿਚ ਉਨ੍ਹਾ ਦੀ ਅਹਿਮ ਭੂਮਿਕਾ ਰਹੇਗੀ। ਸ.ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਅਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੈ ਅਤੇ ਭਵਿੱਖ ਵਿਚ ਵੀ ਅਪਣੇ ਹੱਕਾਂ ਦੀ ਰਾਖ਼ੀ ਲਈ ਇਸੇ ਤਰਾਂ ਡਟ ਕੇ ਸੰਘਰਸ਼ ਕਰੇਗਾ।
ਇਸ ਮੌਕੇ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਹਰਿਆਣਾ ਦੇ ਲੋਕਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਹਰਿਆਣਾ ਨੇ ਪੰਜਾਬ ਦੇ ਛੋਟੇ ਭਰਾ ਹੋਣ ਦਾ ਪੂਰਾ ਫਰਜ਼ ਨਿਭਾਇਆ ਹੈ। ਉਨ੍ਹਾ ਕਿਹਾ ਕਿ ਮੁਲਕ ਦੇ ਕਿਸਾਨਾਂ ਨੂੰ ਜਿਥੇ ਪੰਜਾਬ ਦੇ ਕਿਸਾਨਾਂ ਨੇ ਰਾਹ ਦਿਖਾਈ ਹੈ, ਉਥੇ ਹੀ ਵਿਸ਼ੇਸ਼ ਤੌਰ ਤੇ ਇਸ ਅੰਦੋਲਨ ਵਿਚ ਹਰਿਆਣਾ ਦੇ ਕਿਸਾਨਾਂ ਅਤੇ ਆਮ ਜਨਤਾ ਦਾ ਵੀ ਵੱਡਾ ਯੋਗਦਾਨ ਹੈ। ਸ. ਢੀਂਡਸਾ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਫੌਰੀ ਕਿਸਾਨਾਂ ਦੀ ਵਾਜਬ ਮੰਗਾਂ ਨੂੰ ਪੂਰਾ ਕਰੇ ਅਤੇ ਉਨ੍ਹਾ ਨੂੰ ਰਾਹਤ ਦੇਵੇ।