ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਦਸੰਬਰ 2020 - ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਵਿੱਚ ਇੱਕ ਪੋਲਟਰੀ ਪਲਾਂਟ ਦੇ ਕਾਮਿਆਂ ਨੂੰ ਕੋਰੋਨਾ ਵਾਇਰਸ ਨੇ ਲਪੇਟ ਵਿੱਚ ਲਿਆ ਹੈ।ਇਸ ਖੇਤਰ 'ਚ ਫੋਸਟਰ ਫਾਰਮਜ਼ ਦੇ ਚੈਰੀ ਸਟ੍ਰੀਟ ਸਥਿਤ ਪੋਲਟਰੀ ਪਲਾਂਟ ਦੇ ਲੱਗਭਗ 200 ਕਾਮੇ ਕੋਰੋਨਾਂ ਤੋਂ ਪੀੜਤ ਹੋਏ ਹਨ ,ਜਿਸ ਕਾਰਨ ਇਸ ਪਲਾਂਟ ਨੂੰ ਬੰਦ ਕੀਤਾ ਜਾਵੇਗਾ। ਫੋਸਟਰ ਫਾਰਮਜ਼ ਦੇ ਕਮਿਊਨੀਕੇਸ਼ਨ ਦੀ ਉਪ-ਪ੍ਰਧਾਨ ਈਰਾ ਬ੍ਰਿੱਲ ਦੇ ਅਨੁਸਾਰ ਪਿਛਲੇ ਦੋ ਹਫਤਿਆਂ ਵਿੱਚ, ਦੱਖਣ-ਪੱਛਮੀ ਫਰਿਜ਼ਨੋ ਵਿੱਚ 1,400 ਵਿਅਕਤੀਆਂ ਦੇ ਇਸ ਪਲਾਂਟ ਵਿੱਚ 193 ਕਾਮਿਆਂ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤੇ ਹਨ ਜਦਕਿ ਕਿਸੇ ਵੀ ਕਰਮਚਾਰੀ ਨੇ ਕੋਈ ਲੱਛਣ ਨਹੀਂ ਦਿਖਾਇਆ ਸੀ।
ਕੰਪਨੀ ਨੇ ਪੀੜਤ ਹੋਏ ਕਰਮਚਾਰੀਆਂ ਅਤੇ ਉਨ੍ਹਾਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਹੈ ਅਤੇ ਫਾਰਮ ਦੇ ਅਧਿਕਾਰੀਆਂ ਅਨੁਸਾਰ ਹਫਤੇ ਦੇ ਅਖੀਰ ਵਿੱਚ ਪੋਲਟਰੀ ਪ੍ਰੋਸੈਸਿੰਗ ਪਲਾਂਟ ਦੀ ਚੰਗੀ ਤਰ੍ਹਾਂ ਸਫਾਈ ਵੀ ਕੀਤੀ ਜਾਵੇਗੀ। ਬ੍ਰਿੱਲ ਅਨੁਸਾਰ ਚੈਰੀ ਸਟ੍ਰੀਟ ਦੇ ਇਸ ਪਲਾਂਟ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਇਸ ਦੇ ਸਾਰੇ ਕਰਮਚਾਰੀਆਂ ਦੀ ਹਫਤੇ ਵਿੱਚ ਦੋ ਵਾਰ ਜਾਂਚ ਕੀਤੀ ਜਾਵੇਗੀ। ਕੰਪਨੀ ਦੇ ਅਨੁਸਾਰ ਇਸ ਸਾਲ ਦੇ ਸ਼ੁਰੂ ਵਿਚ ਮਹਾਂਮਾਰੀ ਦੇ ਸ਼ੁਰੂਆਤੀ ਪ੍ਰਕੋਪ ਤੋਂ ਬਾਅਦ ਫਰਿਜ਼ਨੋ ਦੇ ਦੋ ਫੋਸਟਰ ਫਾਰਮਾਂ ਦੇ ਕੁੱਝ ਕਰਮਚਾਰੀ ਕੋਰੋਨਾ ਵਾਇਰਸ ਨਾਲ ਮਰ ਚੁੱਕੇ ਹਨ।