ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਦਸੰਬਰ 2020 - ਸੈਨ ਫਰਾਂਸਿਸਕੋ ਬੇ ਏਰੀਆ ਦੀਆਂ ਪੰਜ ਕਾਉਂਟੀਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਕਾਰਨ ਹਸਪਤਾਲ ਵੀ ਮਰੀਜ਼ਾਂ ਨਾਲ ਭਰ ਰਹੇ ਹਨ। ਇਸ ਲਈ ਵਾਇਰਸ ਦੀ ਲਾਗ ਦੀ ਵਿਗੜ ਰਹੀ ਸਥਿਤੀ ਨੂੰ ਕਾਬੂ ਕਰਨ ਲਈ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਨਵਾਂ ਸਟੇਅ ਐਟ ਹੋਮ ਆਰਡਰ ਜਾਰੀ ਕੀਤਾ ਹੈ। ਇਹ ਨਵੇਂ ਨਿਯਮ ਕਈ ਖੇਤਰਾਂ ਵਿੱਚ ਐਤਵਾਰ ਰਾਤ 10 ਵਜੇ ਤੋਂ ਲੈ ਕੇ 4 ਜਨਵਰੀ ਤੱਕ ਲਾਗੂ ਹੋਣਗੇ।
ਰਾਜਪਾਲ ਗੈਵਿਨ ਨਿਊਸਮ ਦੇ ਐਲਾਨ ਅਨੁਸਾਰ ਖੇਤਰੀ ਹਸਪਤਾਲਾਂ ਦੇ ਆਈ ਸੀ ਯੂ ਬਿਸਤਰੇ 85 ਪ੍ਰਤੀਸ਼ਤ ਤੱਕ ਭਰਨ ਤੇ ਇਹ ਨਿਯਮ ਲਾਗੂ ਹੋਣਗੇ ਅਤੇ ਅਧਿਕਾਰੀਆਂ ਰਾਜ ਦੇ ਹੋਰ ਖੇਤਰਾਂ ਦੇ ਹਸਪਤਾਲ ਵੀ ਕੁੱਝ ਦਿਨਾਂ ਤੱਕ ਮਰੀਜ਼ਾਂ ਨਾਲ ਭਰ ਜਾਣਗੇ। ਇਸ ਲਈ ਕੋਨਟਰਾ ਕੋਸਟਾ ਹੈਲਥ ਅਫਸਰ ਕ੍ਰਿਸ ਫਰਨੀਤਨੋ ਅਨੁਸਾਰ ਇਸ ਐਮਰਜੈਂਸੀ ਦੌਰਾਨ ਪਾਬੰਦੀਆਂ ਦੇ ਲਾਗੂ ਹੋਣ ਲਈ ਇੰਤਜ਼ਾਰ ਨਹੀਂ ਕਰਨਾ ਚਾਹੀਦਾ।ਇਹਨਾਂ ਨਿਯਮਾਂ ਦਾ ਹੁਕਮ ਉਸੇ ਦਿਨ ਆਇਆ ਜਦੋਂ ਰਾਜ ਵਿੱਚ ਰੋਜ਼ਾਨਾ ਦੇ ਨਵੇਂ 22,018 ਮਾਮਲੇ ਅਤੇ ਹਸਪਤਾਲਾਂ ਵਿੱਚ 9,000 ਤੋਂ ਉੱਪਰ ਮਰੀਜ਼ਾਂ ਦੀ ਗਿਣਤੀ ਦਰਜ਼ ਕੀਤੀ ਗਈ।
ਇਹ ਨਵੀਂ ਪਾਬੰਦੀਆਂ ਸੈਨ ਫਰਾਂਸਿਸਕੋ, ਸੈਂਟਾ ਕਲਾਰਾ, ਮਾਰਿਨ, ਅਲੇਮੇਡਾ ਅਤੇ ਕੌਂਟਰਰਾ ਕੋਸਟਾ ਕਾਉਂਟੀਜ਼ ਵਿਚ ਲਗਾਈਆਂ ਗਈਆਂ ਹਨ, ਜਿਸਦੇ ਤਹਿਤ ਰੈਸਟੋਰੈਂਟਾਂ ਨੂੰ ਅੰਦਰੂਨੀ ਅਤੇ ਬਾਹਰੀ ਖਾਣੇ ਦੀ ਸੇਵਾ ਬੰਦ ਕਰਨਾ ਹੋਵੇਗੀ ਅਤੇ ਨਾਲ ਹੀ ਬਾਰਾਂ, ਸੈਲੂਨ ਅਤੇ ਹੋਰ ਦੁਕਾਨਾਂ ਵੀ ਨਿਯਮਾਂ ਅਨੁਸਾਰ ਬੰਦ ਰਹਿਣਗੀਆਂ ਜਦਕਿ ਪਰਚੂਨ ਸਟੋਰ ਅਤੇ ਖਰੀਦਦਾਰੀ ਕੇਂਦਰ ਸਿਰਫ 20% ਗਾਹਕ ਸਮਰੱਥਾ ਨਾਲ ਕੰਮ ਕਰ ਸਕਦੇ ਹਨ।ਇਸ ਦੇ ਇਲਾਵਾ ਘਰਾਂ ਤੋਂ ਬਾਹਰਲੇ ਲੋਕਾਂ ਨਾਲ ਕਿਸੇ ਵੀ ਅਕਾਰ ਦੇ ਇਕੱਠ ਕਰਨ ਤੇ ਵੀ ਪਾਬੰਦੀ ਹੈ।