ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਦਸੰਬਰ 2020 - ਪੈਂਟਾਗਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਟਰੰਪ ਨੇ ਅਫਰੀਕੀ ਦੇਸ਼ ਸੋਮਾਲੀਆ ਤੋਂ ਲੱਗਭਗ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਆਦੇਸ਼ ਦਿੱਤੇ ਹਨ। ਟਰੰਪ ਦੇ ਇਸ ਹੁਕਮ ਨਾਲ ਸੋਮਾਲੀਆ ਵਿੱਚ ਤਾਇਨਾਤ ਤਕਰੀਬਨ 700 ਸੈਨਿਕ ਅਗਲੇ ਸਾਲ ਜਨਵਰੀ ਵਿੱਚ ਦੇਸ਼ ਵਾਪਿਸ ਆ ਸਕਦੇ ਹਨ। ਟਰੰਪ ਦੁਆਰਾ ਵਿਦੇਸ਼ਾਂ ਵਿੱਚੋਂ ਅਮਰੀਕੀ ਸੈਨਿਕਾਂ ਦੀ ਗਿਣਤੀ ਨੂੰ ਵਾਪਿਸ ਲੈਣਾ ਅਤੇ ਵਿਦੇਸ਼ੀ ਯੁੱਧਾਂ ਵਿਚ ਅਮਰੀਕਾ ਦੀ ਸ਼ਮੂਲੀਅਤ ਨੂੰ ਖਤਮ ਕਰਨਾ ਉਸ ਦੇ ਪ੍ਰਸ਼ਾਸਨ ਦੇ ਮਿਸ਼ਨਾ ਵਿੱਚੋਂ ਇੱਕ ਹੈ ਜੋ ਕਿ ਬਾਈਡੇਨ ਤੋਂ ਰਾਸ਼ਟਰਪਤੀ ਦੀ ਚੋਣ ਹਾਰਨ ਦੇ ਬਾਵਜੂਦ ਵੀ ਫਿਲਹਾਲ ਜਾਰੀ ਹੈ।
ਜਿਕਰਯੋਗ ਹੈ ਕਿ ਅਮਰੀਕੀ ਸੈਨਿਕ 13 ਸਾਲਾਂ ਤੋਂ ਸੋਮਾਲੀਆ ਵਿੱਚ ਹਨ ਜਿੱਥੇ ਉਹ ਅਲ ਕਾਇਦਾ ਨਾਲ ਜੁੜੇ ਸਮੂਹ, ਅਲ-ਸ਼ਬਾਬ ਨਾਲ ਲੜ ਰਹੇ ਹਨ ਅਤੇ ਨਾਲ ਹੀ ਸਥਾਨਕ ਬਲਾਂ ਨੂੰ ਸਿਖਲਾਈ ਵੀ ਦੇ ਰਹੇ ਹਨ। ਇਹਨਾਂ ਹੁਕਮਾਂ ਦੀ ਕੁੱਝ ਰਿਪਬਲਿਕਨ ਨੇਤਾਵਾਂ ਜਿਹਨਾਂ ਵਿੱਚ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੋਨਲ (ਆਰ. ਕੇ.) ਸ਼ਾਮਲ ਹਨ,ਦੁਆਰਾ ਅਲੋਚਨਾ ਵੀ ਕੀਤੀ ਗਈ ਹੈ ਜਿਸ ਅਨੁਸਾਰ ਇਹ ਕਾਰਵਾਈ ਸਿਰਫ ਅਮਰੀਕਾ ਦੇ ਵਿਰੋਧੀਆਂ ਨੂੰ ਹੌਂਸਲਾ ਦੇਵੇਗੀ ਅਤੇ ਦੇਸ਼ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਠੇਸ ਪਹੁੰਚੇਗੀ। ਇਸਦੇ ਨਾਲ ਹੀ ਇਸ ਤਰ੍ਹਾਂ ਅਚਾਨਕ ਅਮਰੀਕੀ ਸੈਨਾ ਦੇ ਕਿਸੇ ਦੇਸ਼ ਤੋਂ ਬਾਹਰ ਜਾਣ ਦੇ ਨਤੀਜੇ ਸੰਭਾਵਤ ਤੌਰ' ਤੇ ਰਾਸ਼ਟਰਪਤੀ ਓਬਾਮਾ ਦੁਆਰਾ 2011 ਵਿੱਚ ਇਰਾਕ ਵਿੱਚੋਂ ਸੈਨਾ ਵਾਪਸੀ ਤੋਂ ਵੀ ਮਾੜੇ ਹੋਣਗੇ, ਜਿਸ ਨਾਲ ਅੱਤਵਾਦੀ ਸੰਗਠਨਾਂ ਨੂੰ ਹੱਲਾਸ਼ੇਰੀ ਮਿਲੀ ਸੀ।