ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਦਸੰਬਰ 2020 - ਅਮਰੀਕੀ ਸਦਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਪੱਧਰ 'ਤੇ ਭੰਗ ਨੂੰ ਅਪਰਾਧਿਕ ਕੈਟਾਗਿਰੀ ਵਿੱਚੋਂ ਬਾਹਰ ਕੱਢਣ ਵਾਲਾ ਇੱਕ ਬਿਲ ਪਾਸ ਕੀਤਾ ਹੈ, ਜਿਸਦਾ ਉਦੇਸ਼ ਨਸ਼ਿਆਂ ਦੀ ਗ੍ਰਿਫਤਾਰੀ ਵਿੱਚ ਨਸਲੀ ਅਸਮਾਨਤਾਵਾਂ ਨੂੰ ਘਟਾਉਣਾ ਹੈ। ਇਹ ਉਪਾਅ, ਸਰਕਾਰੀ ਤੌਰ 'ਤੇ ਨਿਯੰਤਰਿਤ ਪਦਾਰਥਾਂ ਦੀ ਸੂਚੀ ਵਿਚੋਂ ਭੰਗ ਨੂੰ ਹਟਾ ਦੇਵੇਗਾ ਅਤੇ ਭੰਗ ਦੇ ਗੈਰਕਾਨੂੰਨੀ ਦਾਇਰੇ ਨੂੰ ਖਤਮ ਕਰੇਗਾ। ਭੰਗ ਸੰਬੰਧੀ ਇਹ ਬਿਲ ਹੁਣ ਅੱਗੇ ਪਾਸ ਹੋਣ ਲਈ ਸੈਨੇਟ ਵਿੱਚ ਜਾਵੇਗਾ।
ਸੰਯੁਕਤ ਰਾਜ ਸਦਨ ਨੇ ਮਾਰੀਜੁਆਨਾ ਆਪਰਚੁਨਿਟੀ ਰੀਨਵੇਸਟਮਿੰਟ ਅਤੇ ਐਕਸਪੈਂਜਮੈਂਟ (MORE ) ਐਕਟ ਨੂੰ 228 ਤੋਂ 164 ਵੋਟਾਂ ਨਾਲ ਪਾਸ ਕੀਤਾ ਹੈ ਜਿਸ ਵਿੱਚ ਛੇ ਡੈਮੋਕਰੇਟਸ ਨੇ ਇਸਦੇ ਵਿਰੁੱਧ ਅਤੇ ਪੰਜ ਰਿਪਬਲਿਕਨਾਂ ਨੇ ਇਸਦੇ ਪੱਖ ਵਿੱਚ ਵੋਟ ਦਿੱਤੀ। ਇਸ ਸਾਲ ਪੇਸ਼ ਕੀਤੀ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਇਕ ਰਿਪੋਰਟ ਦੇ ਅਨੁਸਾਰ, ਭੰਗ ਦੀ ਬਰਾਬਰ ਵਰਤੋਂ ਦੀਆਂ ਦਰਾਂ ਦੇ ਬਾਵਜੂਦ ਬਲੈਕ ਅਮਰੀਕਾ ਵਾਸੀਆਂ ਨੂੰ ਗੋਰੇ ਲੋਕਾਂ ਨਾਲੋਂ 3.6, ਗੁਣਾ ਜਿਆਦਾ ਗ੍ਰਿਫਤਾਰ ਕੀਤਾ ਜਾਂਦਾ ਹੈ। ਜਦਕਿ, ਏ ਸੀ ਐਲ ਯੂ ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੁਝ ਸੂਬੇ ਭਾਵੇਂ ਉਹਨਾਂ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਜਾਂ ਨਹੀਂ ਵਿੱਚ ਵੀ ਗਿਰਫਤਾਰੀਆਂ ਵਿੱਚ ਨਸਲੀ ਅਸਮਾਨਤਾਵਾਂ ਰਹਿੰਦੀਆਂ ਹਨ।