Date: October 24, 2017

ਪਸ਼ੂਆਂ ਦੀ ਨਸਲ ਸੁਧਾਰ ਲਈ ਬਰਾਜ਼ੀਲ ਤੋਂ ਚੰਗੀ ਨਸਲ ਦੇ ਪਸ਼ੂਆਂ ਦਾ ਸੀਮਨ ਮੰਗਵਾਇਆ

ਸੂਬਾ ਪੱਧਰੀ ਪਸ਼ੂਧੰਨ ਮੇਲਾ ਦਸੰਬਰ 'ਚ ਪਟਿਆਲਾ ਵਿਖੇ ਲੱਗੇਗਾ

By : ਜੀ ਐਸ ਪੰਨੂ
First Published : Tuesday, Oct 24, 2017 08:13 PM

ਜੀ ਐਸ ਪੰਨੂ
ਪਟਿਆਲਾ, 24 ਅਕਤੂਬਰ, 2017 : ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ 'ਚ ਸੁਧਾਰ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਚੰਗੀ ਨਸਲ ਦੇ ਪਸ਼ੂਆਂ ਦਾ ਸੀਮਨ ਬਰਾਜੀਲ ਤੋਂ ਮੰਗਵਾਇਆ ਗਿਆ ਹੈ। ਇਹਨਾਂ  ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਕਲਿਆਣ ਦੇ ਸੰਤ ਬਾਬਾ ਕ੍ਰਿਪਾਲ ਸਿੰਘ ਸਟੇਡੀਅਮ ਵਿਖੇ ਦੋ ਰੋਜ਼ਾ ਪੰਜਾਬ ਰਾਜ ਜ਼ਿਲਾ  ਪੱਧਰੀ ਪਸ਼ੂਧੰਨ ਮੇਲਾ ਅਤੇ ਦੁੱਧ ਚੁਆਈ ਦੇ ਮੁਕਾਬਲਿਆਂ ਦਾ ਉਦਘਾਟਨ ਕਰਨ ਉਪਰੰਤ ਪਸ਼ੂ ਮੇਲੇ ਵਿੱਚ ਪੁੱਜੇ ਵੱਡੀ ਗਿਣਤੀ ਵਿੱਚ ਪਸ਼ੂ ਪਾਲਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਮਹਿੰਦਰਾ ਨੇ ਕਿਹਾ ਕਿ ਪਸ਼ੂਧੰਨ ਕਿਸੇ ਵੀ ਦੇਸ਼ ਜਾਂ ਸੂਬੇ ਦਾ ਵੱਡਾ ਸਰਮਾਇਆ ਹੰਦਾ ਹੈ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਬੜੀ ਗੰਭੀਰਤਾਂ ਨਾਲ ਉਪਰਾਲੇ ਕਰ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਫਸਲਾਂ ਦੀ ਕਾਸ਼ਤ ਦੇ ਨਾਲ-ਨਾਲ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪਸ਼ੂ, ਮੁਰਗੀ, ਮੱਛੀ, ਸੂਰ ਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦੇ ਵੀ ਅਪਨਾਉਣ।
ਸ਼੍ਰੀ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਪਸ਼ੂ ਪਾਲਕਾਂ ਦੇ ਕਿੱਤੇ ਹੋਰ ਮਜਬੂਤ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬਾ ਪੱਧਰੀ ਪਸ਼ੂਧੰਨ ਮੇਲਾ 1 ਤੋਂ 5 ਦਸੰਬਰ ਤੱਕ ਪਟਿਆਲਾ ਜ਼ਿਲੈ   ਦੇ ਪਿੰਡ ਜਾਲਲਾ  ਵਿਖੇ ਲਗਾਉਣ ਦਾ ਫੈਸਲਾ ਕੀਤਾ ਹੈ। ਜਿਥੇ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਸਵਾ ਕਰੋੜ ਦੇ ਇਨਾਮ ਵੰਡੇ ਜਾਣਗੇ।  ਸ਼੍ਰੀ ਮਹਿੰਦਰਾ ਨੇ ਕਿਹਾ ਕਿ ਕਲਿਆਣ ਵਿਖੇ ਲੱਗੇ ਪਸ਼ੂਧੰਨ ਮੇਲੇ ਵਿੱਚ ਜੇਤੂ ਰਹਿਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ 7 ਲੱਖ ਰੁਪਏ ਦੇ ਨਗਦ ਇਨਾਮ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀ ਮਹਿੰਦਰਾ ਮੇਲੇ ਦਾ ਗੇੜਾ ਲਗਾ ਕੇ ਪਸ਼ੂ ਪਾਲਕਾਂ ਨੂੰ ਵੀ ਮਿਲੇ ਅਤੇ ਜਸਬੀਰ ਸਿੰਘ ਦੇ ਅਖਾੜੇ ਵੱਲੋਂ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਕਰਨ ਬਦਲੇ ਸ਼੍ਰੀ ਮਹਿੰਦਰਾ ਨੇ ਗੱਤਕਾ ਪਾਰਟੀ ਨੂੰ 11 ਹਜਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।
    ਮੇਲੇ ਦੌਰਾਨ ਮੁਰਾ , ਨੀਲੀ ਰਾਵੀ ਨਸਲ ਦੀਆਂ ਮੱਝਾਂ, ਹੋਸ਼ਟਨ ਫਰੀਜ਼ਨ, ਸਾਹੀਵਾਲ ਤੇ ਜਰਸੀ ਨਸਲ ਦੀਆਂ ਗਾਵਾਂ, ਨੁਕਰੇ ਘੋੜੇ, ਬੀਟਲ ਬੱਕਰੀਆਂ ਅਤੇ ਵੱਖ-ਵੱਖ ਨਸਲਾਂ ਦੇ ਕੁੱਤੇ ਖਿੱਚ ਦਾ ਕੇਂਦਰ ਸਨ। ਇਸ ਮੇਲੇ ਵਿੱਚ ਕੁੱਲ 55 ਸ਼੍ਰੇਣੀਆਂ ਵਿੱਚ ਪਸ਼ੂਆਂ ਦੇ ਮੁਕਾਬਲੇ ਹੋਣਗੇ, ਜ਼ਿਹਨਾਂ ਵਿੱਚ ਪਸ਼ੂ ਪਾਲਕਾਂ ਨੂੰ 7 ਲੱਖ ਦੇ ਇਨਾਮ ਤਕਸੀਮ ਕੀਤੇ ਜਾਣਗੇ। ਇਸ ਤੋਂ ਇਲਾਵਾ ਕੁੱਤਿਆਂ ਦੀਆਂ ਪੰਜ ਨਸਲਾਂ ਜਿਨਾ  ਵਿੱਚ ਜਰਮਨ ਸ਼ੈਫਰਡ, ਲੇਬਰੇਡਾਰ, ਰੋਟਵੀਲਰ, ਪੋਮੇਰੀਅਨ ਅਤੇ ਪੱਗ ਨਸਲ ਦੇ ਮੁਕਾਬਲੇ ਕਰਵਾਏ ਜਾਣਗੇ। ਮੇਲੇ ਵਿੱਚ ਮੱਝਾਂ, ਗਾਵਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਲ ਹੀ ਘੋੜੀਆਂ ਦੇ ਡਾਂਸ ਅਤੇ ਸਜਾਵਟ ਮੁਕਾਬਲੇ ਵੀ ਕਰਵਾਏ ਜਾਣਗੇ।

© Copyright All Rights Reserved to Babushahi.com