ਕੁਲਵਿੰਦਰ ਸਿੰਘ
- ਪੰਜਾਬ ਚ ਇਕੱਲਾ ਫ੍ਰੀ ਸਿੱਖਿਆ ਦੇਣ ਵਾਲਾ ਇੰਸਟੀਚਿਊਟ ਡਾ ਇੰਦਰਜੀਤ ਕੌਰ
- ਪਿੰਗਲਵਾੜਾ ਵਿਖੇ ਭਗਤ ਪੂਰਨ ਸਿੰਘ ਇੰਸਟੀਚਿਉਟ ਦੇ ਡਿਪਲੋਮਾ ਕੋਰਸ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ
ਅੰਮ੍ਰਿਤਸਰ, 12 ਜਨਵਰੀ 2021 - ਅੱਜ ਪਿੰਗਲਵਾੜਾ ਸੁਸਾਇਟੀ ਆਫ਼ ਉਨਟਾਰੀਉ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਮੁਫ਼ਤ ਵਿੱਦਿਆ ਦੇ ਪ੍ਰਸਾਰ ਲਈ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਇੰਸਟੀਚਿਉਟ ਫ਼ਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵਿਖੇ ਹੀਅਰਿੰਗ ਇੰਪੀਅਰਮੈਂਟ ਡਿਪਲੋਮਾ ਕੋਰਸ ਦੇ ਪਲੇਠੀ ਬੈਂਚ ਦੀ ਸਫ਼ਲਤਾ ਪੂਰਵਕ ਸਮਾਪਤੀ ਤੇ ਵਿਦਿਆਰਥਣਾਂ ਨੂੰ ਵਿਧਾਈ ਪਾਰਟੀ ਦਿੱਤੀ ਗਈ। ਇਸ ਮੌਕੇ ਤੇ ਪਿੰਗਲਵਾੜਾ ਸੰਸਥਾਂ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਉਚੇਚੇ ਤੌਰ ਤੇ ਪੁੱਜੇ।
ਉਹਨਾਂ ਆਪਣੇ ਸੰਬੋਧਨੀ ਭਾਸ਼ਨ ਵਿੱਚ ਡਿਪਲੋਮਾ ਕੋਰਸ ਪਾਸ ਕਰਕੇ ਜਾ ਰਹੀਆਂ ਵਿਦਿਆਰਥਣਾਂ ਨੂੰ ਉਹਨਾਂ ਦੇ ਅਗਲੇਰੇ ਸ਼ਾਨਦਾਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ, ਉਹਨਾਂ ਨੇ ਕਿਹਾ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਨੂੰ ਭਾਵੇਂ ਆਜ਼ਾਦ ਹੋਏ ਬਹੁਤ ਸਮਾਂ ਹੋ ਗਿਆ ਹੈ, ਪਰ ਜੋ ਬੁਰਾਈਆਂ ਸਮਾਜ ਵਿੱਚ ਅਜੇ ਵੀ ਮੌਜੂਦ ਹਨ, ਉਹਨਾਂ ਨੂੰ ਜੜੋਂ ਮਿਟਾਉਣਾ ਤੁਹਾਡੇ ਵਰਗੇ ਨੌਜਵਾਨ ਬੱਚੇ ਬੱਚੀਆਂ ਦੀ ਮੋਢਿਆਂ ਉੱਪਰ ਹੈ ਕਿਉਂਕਿ ਤੁਸੀਂ ਦੇਸ਼ ਦਾ ਭਵਿੱਖ ਹੋ। ਉਹਨਾਂ ਆਸ ਪ੍ਰਗਟਾਈ ਕਿ ਜਦੋਂ ਤੁਸੀਂ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਦੇ ਆਦਰਸ਼ਕ ਅਧਿਆਪਕ ਬਣ ਕੇ ਮਾਰਗ ਦਰਸ਼ਨ ਕਰੋਗੇ ਤਾਂ ਉਹਨਾਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਵੇਗਾ।
ਉਹਨਾਂ ਕਿਹਾ ਕਿ ਪਿੰਗਲਵਾੜਾ ਪੰਜਾਬ ਦੀ ਇੱਕੋ-ਇਕ ਸੰਸਥਾ ਹੈ ਜੋ ਅਜਿਹੇ ਡਿਪਲੋਮਾ ਕੋਰਸ ਨੂੰ ਬਿਲਕੁਲ ਮੁਫ਼ਤ ਕਰਾਉਂਦੀ ਹੈ, ਇਸ ਕੋਰਸ ਨੂੰ ਬਾਹਰਲੇ ਰਾਜਾਂ ਤੋਂ ਆਈਆਂ ਵਿਦਿਆਰਥਣਾਂ ਵੀ ਕਰਕੇ ਜਾ ਰਹੀਆਂ ਹਨ ਜੋ ਕਿ ਸੰਸਥਾ ਲਈ ਮਾਣ ਵਾਲੀ ਗੱਲ ਹੈ ਪਰ ਇਸਦੇ ਨਾਲ ਉਹਨਾਂ ਅਫ਼ਸੋਸ ਵੀ ਪ੍ਰਗਟਾਇਆਂ ਕਿ ਪੰਜਾਬ ਦੇ ਬੱਚੇ ਅਜਿਹੇ ਡਿਪਲੋਮਾ ਕੋਰਸ ਕਰਨ ਵਿੱਚ ਖਾਸ ਰੁਝਾਨ ਨਹੀਂ ਵਿਖਾ ਰਹੇ ਜਦ ਕਿ ਸ਼ਪੈਸ਼ਲ ਲੋੜਾਂ ਵਾਲੇ ਅਧਿਆਪਕ ਦੀ ਪੰਜਾਬ ਵਿੱਚ ਬਹੁਤ ਘਾਟ ਹੈ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਭਵਿੱਖ ਦੇ ਇਹ ਅਧਿਆਪਕ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣ ਤਾਂ ਜੋ ਉਹਨਾਂ ਨੂੰ ਜੀਵਨ- ਵਿਚ ਕਿਸੇ ਤਰ੍ਹਾਂ ਦੀ ਘਾਟ ਨਾ ਮਹਿਸੂਸ ਹੋਵੇ।
ਇਸ ਮੌਕੇ ਕੋਰਸ ਕੁਆਰਡੀਨੇਟਰ ਸੁਨੀਤਾ ਨਈਅਰ ਨੇ ਬੱਚੀਆਂ ਨੂੰ ਸੋਹਣੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਇਸ ਮੌਕੇ ਬੱਚੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਰਨਲ ਦਰਸ਼ਨ ਸਿੰਘ ਬਾਵਾ ਜੈ ਸਿੰਘ ਸ. ਰਜਿੰਦਰਪਾਲ ਸਿੰਘ, ਸ਼੍ਰੀ ਤਿਲਕ ਰਾਜ, ਯੋਗੇਸ਼ ਸੂਰੀ, ਦਿਲਬਾਗ ਸਿੰਘ ਪ੍ਰਿੰਸੀਪਲ ਨਰੇਸ਼ ਕਾਲੀਆਂ, ਪ੍ਰਿਸੀਪਲ ਦਲਜੀਤ ਕੌਰ, ਪ੍ਰਿਸੀਪਲ ਅਨੀਤਾ ਬੱਤਰਾ ਅਤੇ ਇੰਸਟੀਚਿਉਟ ਦਾ ਸਟਾਫ ਇਸ ਮੌਕੇ ਹਾਜ਼ਰ ਸੀ ।