ਪਰਵਿੰਦਰ ਸਿੰਘ ਕੰਧਾਰੀ
ਸਾਦਿਕ 13 ਜਨਵਰੀ 2021 - ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਫਰੀਦਕੋਟ ਵੱਲੋਂ ਲਿੰਗ ਅਨੁਪਾਤ ਨੂੰ ਉਤਸ਼ਾਹਿਤ ਕਰਨ ਤਹਿਤ ਪੀ.ਸੀ.ਪੀ.ਐਨ.ਡੀ.ਟੀ ਸ਼ਾਖਾ ਦੇ ਸਹਿਯੋਗ ਨਾਲ ਜੰਡ ਸਾਹਿਬ ਦੇ ਵੈਕਸੀਨ ਸਟੋਰ ਵਿਖੇ ਨਵ-ਜਨਮੀਆਂ ਲੜਕੀਆਂ ਦੀ ਲੋਹੜੀ ਮਨਾਉਂਦੇ ਹੋਏ ਬਲਾਕ ਪੱਧਰੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਫਰੀਦਕੋਟ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ.ਰੇਨੂ ਭਾਟੀਆ ਨੇ ਕੀਤੀ ਜਦ ਕੇ ਵਿਸ਼ੇਸ਼ ਮਹਿਮਾਨ ਵੱਜੋਂ ਸਹਾਇਕ ਸਿਵਲ ਸਿਰਜਨ ਡਾ.ਮਨਦੀਪ ਕੌਰ ਅਤੇ ਐਸ.ਐਮ.ਓ ਡਾ.ਹਰਿੰਦਰ ਸਿੰਘ ਪਹੁੰਚੇ।ਇਸ ਮੌਕੇ ਬਲਾਕ ਅਧੀਨ ਪਿਛਲੇ ਦਿਨੀ 25 ਨਵ-ਜਨਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਿਹਤ ਵਿਭਾਗ ਵੱਲੋਂ ਗਰਮ ਕੱਪੜੇ,ਕੰਬਲ ਅਤੇ ਲੋਹੜੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ.ਰੇਨੂ ਭਾਟੀਆ ਤੇ ਡਾ.ਮਨਦੀਪ ਕੌਰ ਨੇ ਕਿਹਾ ਕਿ ਜੇਕਰ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਅਵਸਰ ਦੇ ਕੇ ਸਮਰੱਥ ਬਣਾਇਆ ਜਾਵੇ ਤਾਂ ਉਹ ਪਰਿਵਾਰ,ਸਮਾਜ ਅਤੇ ਦੇਸ਼ ਲਈ ਵਧੇਰੇ ਉਪਯੋਗੀ ਸਿੱਧ ਹੋ ਸਕਦੀਆਂ ਹਨ।ਉਹਨਾ ਸਿਹਤ ਵਿਭਾਗ ਵੱਲੋਂ ਲੜਕੀਆਂ ਅਤੇ ਔਰਤਾਂ ਦੀ ਭਲਾਈ ਹਿੱਤ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ, ਇਲਾਜ ਅਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ।
ਪੀ.ਸੀ.ਪੀ.ਐਨ.ਡੀ.ਟੀ ਜ਼ਿਲਾ ਕੁਆਰਡੀਨੇਟਰ ਓਮ ਅਰੋੜਾ ਨੇ ਲੜਕੀਆਂ ਦੀ ਸਿੱਖਿਆ ਦਾ ਸਮਾਜ ਦੇ ਉਥਾਨ ਵਿੱਚ ਯੋਗਦਾਨ,ਲਿੰਗ ਅਨੁਪਾਤ ਦੇ ਪ੍ਰਭਾਵ ਅਤੇ ਲੜਕੀਆਂ ਦੀ ਸਿੱਖਿਆ ਬਾਰੇ ਆਪਣੇ ਵਿਚਾਰ ਰੱਖੇ।ਸਮਾਰੋਹ ਦਾ ਮੰਚ ਸੰਚਾਲਨ ਪ੍ਰੋਗਰਾਮ ਕੋਆਰਡੀਨੇਟਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਕੀਤਾ ਅਤੇ ਦੱਸਿਆ ਕੇ ਪੀ.ਐਚ.ਸੀ ਜੰਡ ਸਾਹਿਬ ਦੇ 7 ਪਿੰਡਾਂ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਰਾਜ ਪੁਰਸਕਾਰ ਅਤੇ 2-2 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਹੋਣ ਦਾ ਮਾਨ ਹਾਸਲ ਹੈ।
ਅੰਤ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਸਮੂਹ ਸਟਾਫ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ,ਪੀ.ਸੀ.ਪੀ.ਐਨ.ਡੀ.ਟੀ ਐਕਟ ਸਬੰਧੀ ਸੁਨੇਹਾ ਘਰ-ਘਰ ਪਹੁੰਚਾਉਣ ਲਈ ਵਚਨਬੱਧ ਕੀਤਾ।ਪ੍ਰੋਗਰਾਮ ਦੀ ਸਫਲਤਾ ਵਿੱਚ ਹੈਲਥ ਸੁਪਰਵਾਈਜ਼ਰਾਂ,ਏ.ਐਨ.ਐਮ ਅਤੇ ਆਸ਼ਾ ਵਰਕਰਾਂ ਦਾ ਅਹਿਮ ਯੋਗਦਾਨ ਰਿਹਾ।