ਦੀਪਕ ਜੈਨ
ਜਗਰਾਓਂ, 6 ਅਪ੍ਰੈਲ 2021 - ਸਥਾਨਕ ਭੱਦਰਕਾਲੀ ਮੰਦਰ ਨਜਦੀਕ ਜੋ ਨਾਲਾ ਹੈ ਉਹ ਇਸ ਵੇਲੇ ਪੂਰੀ ਤਰ੍ਹਾਂ ਬਲਾਕ ਹੋਇਆ ਹੈ। ਇਸ ਨਾਲੇ ਦੀ ਸਮਸਿਆ ਕਾਫੀ ਸਮੇ ਤੋਂ ਲਟਕਦੀ ਆ ਰਹੀ ਹੈ ਅਤੇ ਕੋਈ ਠੋਸ ਹਲ ਨਹੀਂ ਨਿਕਲ ਪਾ ਰਿਹਾ। ਪਰ ਇਸ ਨਾਲੇ ਦੀ ਬਲਾਕੇਜ ਦਾ ਹਲ ਕਰਨ ਲਈ ਵਾਰਡ ਨ. 12 ਦੇ ਯੁਵਾ ਕੌਂਸਲਰ ਹਿਮਾਂਸ਼ੂ ਮਲਿਕ ਪੱਬਾਂ ਭਾਰ ਹੋ ਗਏ ਹਨ।
ਇਸ ਬਾਰੇ ਬੋਲਦਿਆਂ ਮਲਿਕ ਨੇ ਕਿਹਾ ਕਿ ਇਸ ਨਾਲੇ ਵਿਚ 4 ਵਾਰਡਾਂ ਦਾ ਪਾਣੀ ਜਾ ਰਿਹਾ ਹੈ ਅਤੇ ਬਲਾਕੇਜ ਦੀ ਸਮਸਿਆ ਕਾਫੀ ਗੰਭੀਰ ਹੋ ਰਹੀ ਹੈ ਅਤੇ ਕਿਹਾ ਕਿ ਇਸ ਸਮਸਿਆ ਦੇ ਹਲ ਲਈ ਉਹ ਹਰ ਕਦਮ ਚੁੱਕ ਸਕਦੇ ਹਨ। ਕੌਂਸਲਰ ਮਲਿਕ ਨੇ ਕਿਹਾ ਕਿ ਪੁਰਾਣੇ ਕੌਂਸਲਰ ਸਾਹਿਬਾਨ ਤਾਂ ਸਿਰਫ ਹਵਾਈ ਵਾਅਦੇ ਕਰਦੇ ਰਹਿ ਗਏ ਪਰ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦਾ ਹਲ ਕਰਵਾਕੇ ਹੀ ਦਮ ਲੈਣਗੇ। ਇਸ ਸੰਬੰਧੀ ਮੌਕਾ ਵੇਖਣ ਲਈ ਨਗਰ ਕੌਂਸਲ ਦੇ ਐੱਸ ਓ ਸਤਿਆਜੀਤ ਅਤੇ ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ ਆਏ ਅਤੇ ਇਸਦੇ ਹਲ ਲਈ ਕੌਂਸਲਰ ਹਿਮਾਂਸ਼ੂ ਨੇ ਓਨਾ ਨਾਲੋਂ ਵਿਚਾਰ ਸਾਂਝੇ ਕੀਤੇ।
ਕੌਂਸਲਰ ਹਿਮਾਂਸ਼ੂ ਮਲਿਕ ਨੇ ਦਸਿਆ ਕਿ ਨਾਲੇ ਦੀ ਸਫਾਈ ਕਰਨ ਉਪਰੰਤ ਇਸਦੀ ਸਪਲਾਈ ਦੂਜੇ ਨਾਲੇ ਨਾਲ ਅਗਾਂਹ ਜੋੜ ਦਿਤੀ ਜਾਵੇ ਤਾਂ ਜੋ ਗੰਦਾ ਪਾਣੀ ਵਾਪਿਸ ਨਾ ਆਵੇ ਅਤੇ ਅਗਾਂਹ ਵਧਦਾ ਰਹੇ। ਇਸ ਮੌਕੇ ਵਿਚਾਰ ਕਰਨ ਤੋਂ ਬਾਅਦ ਨਗਰ ਕੌਂਸਲ ਜਗਰਾਓਂ ਦੇ ਅਧਿਕਾਰੀਆਂ ਵਲੋਂ ਕੌਂਸਲਰ ਮਲਿਕ ਨੂੰ ਇਸਦਾ ਪਕਾ ਹਲ ਕਰਨ ਲਈ ਭਰੋਸਾ ਦਿੱਤਾ ਗਿਆ।