ਮਨਿੰਦਰਜੀਤ ਸਿੱਧੂ
- ‘ਸ਼ਹਿਰੀਏ’ ਦਖਣਾ ਚਾਹੁੰਦੇ ‘ਸ਼ਹਿਰ’ ਵਿੱਚੋਂ ਪ੍ਰਧਾਨ, ਸੁਮਨ ਦੇਵੀ ਹੱਥ ਆ ਸਕਦੀ ‘ਨਗਰ ਕੌਂਸਲ’ ਜੈਤੋ ਦੀ ਕਮਾਨ
ਜੈਤੋ, 11 ਅਪਰੈਲ, 2021 - ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੂੰ ਚਾਹੇ ਦੋ ਦੇ ਕਰੀਬ ਮਹੀਨੇ ਹੋ ਚੁੱਕੇ ਹਨ, ਪਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿੱਚ ਦੇਰੀ ਦੇ ਕਾਰਨ ਜਿੱਤੇ ਹੋਏ ਉਮੀਦਵਾਰਾਂ ਅਤੇ ਖਾਸਕਰ ਪ੍ਰਧਾਨਗੀ ਦੀ ਦੌੜ ਦੌੜ ਰਹੇ ਉਮੀਦਵਾਰਾਂ ਦੇ ਉੱਤਲੇ ਅਤੇ ਹੇਠਲੇ ਸਾਹ ਅਜੇ ਵੀ ਰਲ ਨਹੀਂ ਰਹੇ।ਉਸ ਤੋਂ ਵੀ ਜਿਆਦਾ ਭਿਆਨਕ ਹਾਲਤ ਉਹਨਾਂ ਦੇ ਸਮਰਥਕਾਂ ਦੀ ਹੈ।
ਜੇਕਰ ਜੈਤੋ ਨਗਰ ਕੌਂਸਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੇ ਹੀ ਦੋ ਧੜਿਆਂ ਵਿਚਕਾਰ ਪ੍ਰਧਾਨਗੀ ‘ਤੇ ਕਾਬਜ ਹੋਣ ਲਈ ਅੱਡੀ-ਚੋਟੀ ਦਾ ਜੋਰ ਲੱਗਿਆ ਹੋਇਆ ਹੈ।ਕਾਂਗਰਸ ਦੇ ਇੱਕ ਧੜੇ ਵੱਲੋਂ ਜਿੱਥੇ ਸੁਰਜੀਤ ਸਿੰਘ ਬਾਬਾ ਨੂੰ ਦੇਖਣਾ ਚਾਹੁੰਦੇ ਹਨ, ਉੱਥੇ ਦੂਜੇ ਧੜੇ ਵਾਲੇ ਪ੍ਰਸਿੱਧ ਉਦਯੋਗਪਤੀ ਸੁਖਬਿੰਦਰ ਪਾਲ ਗਰਗ ਦੀ ਪਤਨੀ ਸੁਮਨਦੇਵੀ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਹਨ।
ਪਿਛਲੇ ਕੁੱਝ ਦਿਨਾਂ ਤੋਂ ਜੈਤੋ ਸ਼ਹਿਰ ਅੰਦਰ ਇੱਕ ਚਰਚਾ ਜੋਰ ਫੜ੍ਹਦੀ ਜਾ ਰਹੀ ਹੈ ਕਿ ਜੈਤੋ ਨਗਰ ਕੌਂਸਲ ਦੀ ਪ੍ਰਧਾਨਗੀ ਇਸ ਵਾਰ ਜੈਤੋ ਪਿੰਡ ਦੀ ਥਾਂ ਜੈਤੋ ਸ਼ਹਿਰ ਵਿੱਚੋਂ ਜਿੱਤੇ ਹੋਏ ਕੌਂਸਲਰ ਨੂੰ ਦੇਖਣਾ ਚਾਹੁੰਦੇ ਹਨ। ਸ਼ਹਿਰ ਵਿੱਚੋਂ ਜਿੱਤੇ ਹੋਏ ਕੌਂਸਲਰਾਂ ਵਿੱਚ ਮੁਹੰਮਦ ਸਦੀਕ ਧੜੇ ਦੀ ਕੌਂਸਲਰ ਸੁਮਨ ਦੇਵੀ ਦਾ ਨਾਮ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚੋਂ ਸਭ ਤੋਂ ਉੱਪਰ ਨਜ਼ਰ ਆ ਰਿਹਾ ਹੈ।ਜਿਕਰਯੋਗ ਹੈ ਕਿ ਸੁਮਨ ਦੇਵੀ ਕਾਂਗਰਸ ਕੋਲ ਇੱਕ ਬੇਦਾਗ ਚਿਹਰਾ ਹੈ ਅਤੇ ਇਹ ਪਰਿਵਾਰ ਕਾਫੀ ਲੰਮੇ ਅਰਸੇ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ।ਜੇਕਰ ਸੁਮਨਦੇਵੀ ਦੇ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਉਹਨਾਂ ਦੇ ਪਿਤਾ ਵੱਡੇ ਕਾਂਗਰਸੀ ਆਗੂ ਲਾਲਾ ਭਾਗ ਮੱਲ ਵੀ ਲਗਾਤਾਰ 16 ਸਾਲ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਹੇ ਹਨ ਅਤੇ ਉਹਨਾਂ ਦੇ ਭਰਾ ਵੀ ਕਾਂਗਰਸ ਪਾਰਟੀ ਵਿੱਚ ਉੱਚ ਅਹੁਦਿਆਂ ਉੱਪਰ ਰਹਿ ਚੁੱਕੇ ਹਨ।ਇਹ ਵੀ ਚਰਚਾਵਾਂ ਹਨ ਕਿ ਉਹਨਾਂ ਦੀ ਪ੍ਰਧਾਨਗੀ ਲਈ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਨ ਨਾਲ ਵੀ ਉੱਚੇ ਪੱਧਰ ਉੱਪਰ ਗੱਲਬਾਤ ਚੱਲ ਰਹੀ ਹੈ ਅਤੇ ਉਹ ਇਸ ਸਿਲਸਿਲੇ ਵਿੱਚ ਕਈ ਵਾਰ ਚੰਡੀਗੜ੍ਹ ਅਤੇ ਦਿੱਲੀ ਤੱਕ ਵੀ ਜਾ ਆਏ ਹਨ।
ਸੂਤਰਾਂ ਮੁਤਾਬਿਕ ਕਾਂਗਰਸ ਤੋਂ ਬਿਨਾਂ ਹੋਰ ਪਾਰਟੀਆਂ ਦੇ ਵੀ ਕੁੱਝ ਉਮੀਦਵਾਰ ਸੁਮਨਦੇਵੀ ਦੇ ਹੱਕ ਵਿੱਚ ਭੁਗਤਣ ਨੂੰ ਤਿਆਰ ਬੈਠੇ ਹਨ।ਸੁਮਨਵ ਦੇਵੀ ਦੇ ਪਤੀ ਸੁਖਬਿੰਦਰਪਾਲ ਗਰਗ ਦੁਆਰਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਕੀਤੇ ਜਾਂਦੇ ਕੰਮਾਂ ਅਤੇ ਸਮਾਜਸੇਵੀ ਕੰਮਾਂ ਵਿੱਚ ਨਿਭਾਈ ਜਾਂਦੀ ਮੋਹਰੀ ਭੂੁਮਿਕਾ ਸ਼ਹਿਰਵਾਸੀਆਂ ਨੂੰ ਇਹ ਸੋਚਣ ਤੇ ਮਜਬੂਰ ਕਰ ਰਹੀ ਹੈ ਕਿ ਪ੍ਰਧਾਨਗੀ ਤਾਂ ਸੁਮਨਦੇਵੀ ਨੂੰ ਦਿੱਤੀ ਜਾਣੀ ਚਾਹੀਦੀ ਹੈ।
ਅਜਾਦ ਤੌਰ ਤੇ ਚੋਣਾਂ ਜਿੱਤੇ, ਪਰ ਜਿੱਤਣ ਉਪਰੰਤ ਮੁੜ ਕਾਂਗਰਸ ਵਿੱਚ ਸ਼ਾਮਲ ਹੋਏ ਸਦੀਕ ਧੜੇ ਦੇ ਕੌਂਸਲਰ ਸੀਮਾ ਰਾਣੀ ਦਾ ਕਹਿਣਾ ਹੈ ਕਿ ਸ਼ਹਿਰ ਦੀ ਪ੍ਰਧਾਨਗੀ ਸੁਮਨਦੇਵੀ ਹੱਥ ਆਉਣ ਨਾਲ ਸਮੁੱਚੇ ਸ਼ਹਿਰ ਦਾ ਵਿਕਾਸ ਵਧੀਆ ਢੰਗ ਨਾਲ ਹੋ ਸਕੇਗਾ। ਉਹਨਾਂ ਕਿਹਾ ਕਿ ਸੁਮਨ ਦੇਵੀ ਦਾ ਨਗਰ ਕੌਂਸਲ ਵਿੱਚ ਆਉਣ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ।
ਕੌਂਸਲਰ ਖੁਸ਼ੀ ਰਾਮ, ਸ਼ਹਿਰ ਦੇ ਪਤਵੰਤੇ ਜਿਵੇਂ ਪੰਨਾ ਲਾਲ ਜੈਨ, ਭੂਸ਼ਨ ਰੋਮਾਣਾ, ਜਗਦੀਸ਼ ਘਣੀਆ, ਗਨੇਸ਼ ਜੈਨ ਅਤੇ ਸੋਹਣ ਕੱਪੜੇ ਵਾਲੇ ਆਦਿ ਦਾ ਕਹਿਣਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਜੈਤੋ ਸ਼ਹਿਰ ਦੀ ਪ੍ਰਧਾਨਗੀ ‘ਜੈਤੋ ਪਿੰਡ’ ਕੋਲ ਰਹੀ ਹੈ।ਇਸ ਵਾਰ ਇਹ ਪ੍ਰਧਾਨਗੀ ਜੈਤੋ ਸ਼ਹਿਰ ਕੋਲ ਜਾਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੂੰ ਲੋਕਾਂ ਦੀ ਇਸ ਭਾਵਨਾ ਨੂੰ ਜਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।ਉਹਨਾਂ ਦਾ ਕਹਿਣਾ ਹੈ ਕਿ ਸੁਮਨ ਦੇਵੀ ਇੱਕ ਅਜਿਹਾ ਬੇਦਾਗ ਚਿਹਰਾ ਹੈ ਜਿਸਦਾ ਪ੍ਰਧਾਨਗੀ ਲਈ ਜੈਤੋ ਸ਼ਹਿਰ ਦਾ ਕੋਈ ਵੀ ਵੋਟਰ ਵਿਰੋਧ ਨਹੀਂ ਕਰਦਾ।
ਕੁੱਲ ਮਿਲਾ ਕੇ ਜੈਤੋ ਸ਼ਹਿਰ ਦੀ ਹਰ ਹੱਟੀ-ਭੱਠੀ, ਚੌਂਕ-ਚੌਰਾਹੇ, ਹਰ ਰੇਹੜੀ-ਫੜ੍ਹੀ ਅਤੇ ਦੁਕਾਨ ਉੱਪਰ ਪ੍ਰਧਾਨਗੀ ਲਈ ਸੁਮਨ ਦੇਵੀ ਦੀ ਦਾਅਵੇਦਾਰੀ ਦੀਆਂ ਹੀ ਗੱਲਾਂ ਚੱਲ ਰਹੀਆਂ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈ ਕਮਾਨ ਕਿਸ ਦੇ ਸਿਰ ਉੱਪਰ ਪ੍ਰਧਾਨਗੀ ਦਾ ਮੁਕਟ ਪਹਿਣਾਉਂਦੀ ਹੈ।ਪਰ ਇੱਕ ਵਾਰ ਖੁੰਢ ਚਰਚਾ ਦਾ ਹਿਸਾਬ ਕਿਤਾਬ ਸੁਮਨਦੇਵੀ ਦੇ ਹੱਕ ਵਿੱਚ ਹੀ ਭੁਗਤਦਾ ਨਜ਼ਰ ਆ ਰਿਹਾ ਹੈ।