ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਅਪ੍ਰੈਲ 2021 - ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਨਿਊ ਏ.ਡੀ.ਆਰ.ਸੈਂਟਰ, ਕਪੂਰਥਲਾ ਵਿਖੇ ਸਮੂਹ ਪੈਨਲ ਦੇ ਵਕੀਲ ਸਾਹਿਬਾਨ ਨਾਲ ਮਾਸਿਕ ਮੀਟਿੰਗ ਸ੍ਰੀ ਮਹੇਸ਼ ਕੁਮਾਰ ਸ਼ਰਮਾ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਕੀਤੀ ਗਈ।
ਮੀਟਿੰਗ ਦੌਰਾਨ ਉਨਾਂ ਪੈਨਲ ਦੇ ਵਕੀਲ ਸਾਹਿਬਾਨ ਨੂੰ ਕਿਹਾ ਕਿ ਕਾਨੂੰਨੀ ਸਹਾਇਤਾ ਸਕੀਮ ਅਧੀਨ ਉਨ੍ਹਾਂ ਨੂੰ ਭੇਜੇ ਜਾਂਦੇ ਪ੍ਰਾਰਥੀਆਂ ਦੇ ਕੇਸਾਂ ਦੀ ਅਦਾਲਤੀ ਚਾਰਾਜੋਈ ਸੰਬੰਧੀ ਸੰਬੰਧਤ ਪ੍ਰਾਰਥੀਆਂ ਨੂੰ ਅਦਾਲਤ ਵਿੱਚ ਕੀਤੀ ਗਈ ਪੈਰਵਾਈ ਅਤੇ ਅਗਲੀ ਤਾਰੀਖ/ ਪੇਸ਼ੀ ਬਾਰੇ ਉਨ੍ਹਾਂ ਦੇ ਮੋਬਾਇਲ ਤੇ ਸੰਦੇਸ਼ ਭੇਜਣ ਲਈ ਸੁਝਾਓ ਦਿੱਤਾ ਅਤੇ ਕੇਸ ਨਾਲ ਸੰਬੰਧਤ ਲੀਗਲ ਏਡ ਕਾਰਡਾਂ ਨੂੰ ਸਮੇਂ ਸਿਰ ਅਪਡੇਟ ਕੀਤਾ ਜਾਵੇ ਤਾਂ ਜੋ ਫਰੰਟ ਆਫਿਸ ਵਿੱਚ ਆਉਂਦੇ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਸੰਬੰਧੀ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਦੀਆਂ ਅਦਾਲਤਾਂ ਵਿਖੇ ਮਿਤੀ 10-07-2021 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਵੱਲੋਂ ਪੈਨਲ ਵਕੀਲ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇਸ ਨੈਸ਼ਨਲ ਲੋਕ ਅਦਾਲਤ ਦਾ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਮੰਗਤ ਰਾਮ ਕਾਲੀਆ, ਸਤਨਾਮ ਸਿੰਘ ਨੱਢਾ, ਸਰਮੇਸ਼ ਲਾਲ, ਨੀਲਮ ਕੁਮਾਰੀ, ਸੁਰੇਸ਼ ਕਾਲੀਆ, ਵਿਕਾਸ ਓਪਲ, ਵਿਕਾਸ ਠਾਕੁਰ, ਮਾਧਵ ਧੀਰ, ਮਨਪ੍ਰੀਤ ਸਿੰਘ ਵਾਲੀਆ, ਹਰਮਨਦੀਪ ਸਿੰਘ, ਹਰਅਨਮੋਲ ਸਿੰਘ, ਪਵਨ ਕਾਲੀਆ ਅਤੇ ਦੀਪਤੀ ਮਰਵਾਹਾ ਐਡਵੋਕੇਟਸ ਹਾਜਰ ਸਨ।