ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 17 ਅਪ੍ਰੈਲ: ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਸਵਿਸ ਕਾਲੋਨੀਜ਼ ਵਾਸੀਆਂ ਵੱਲੋਂ ਕਾਲੋਨੀਆਂ ਦੇ ਵਿਕਾਸ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਜੀਅ ਤੋੜ ਯਤਨ ਨੂੰ ਅੱਜ ਉਸ ਵੇਲੇ ਬੂਰ ਪਿਆ, ਜਦੋਂ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਅੱਜ ਡੇਢ ਕਰੋੜ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵਾਰਡ ਨੰਬਰ 3 ਅਧੀਨ ਆਉਂਦੀਆਂ ਇੰਨ੍ਹਾਂ ਕਾਲੋਨੀਆਂ ਵਿਖੇ ਸਵੱਛ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਟਿਊਬਵੈਲ ਦਾ ਉਦਘਾਟਨ ਟੱਕ ਲਗਾ ਕੇ ਕੀਤਾ।
ਇਸ ਮੌਕੇ ਮੇਅਰ ਰਿੰਟੂ ਨੇ ਕਾਲੋਨੀ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੀਆਂ ਵਾਰਡਾਂ ਦੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਾਂਗੂੰ ਸਮਝਦੇ ਹਨ, ਇਸ ਲਈ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਣ ਨੂੰ ਮੁੱਢਲਾ ਫਰਜ਼ ਸਮਝਦੇ ਹਨ ਅਤੇ ਇਸੇ ਮਕਸਦ ਤਹਿਤ ਅੱਜ ਸਵਿਸ ਕਾਲੋਨੀ ਦੇ ਵਸਨੀਕਾਂ ਨਾਲ ਕੀਤੇ ਵਾਅਦਿਆਂ ’ਚੋਂ ਅੱਜ ਸਾਫ਼ ਅਤੇ ਸਵੱਛ ਪਾਣੀ ਪ੍ਰਦਾਨ ਕਰਵਾਉਣ ਲਈ ਟਿਊਬਵੈਲ ਦਾ ਉਦਘਾਟਨ ਕਰਕੇ ਵਾਅਦਾ ਪੂਗਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਢ ਕਰੋੜ ਦੇ ਵਿਕਾਸ ਪ੍ਰਾਜੈਕਟਾਂ ਤਹਿਤ ਉਕਤ ਚਾਰੋਂ ਕਾਲੋਨੀਆਂ ’ਚ ਸਮੇਂ‐ਸਮੇਂ ’ਤੇ ਜੋ ਜਾਇਜ਼ ਸਹੂਲਤਾਂ ਹਨ, ਪੂਰਿਆ ਕੀਤਾ ਜਾਵੇਗਾ।
ਮੇਅਰ ਰਿੰਟੂ ਨੇ ਕਿਹਾ ਕਿ ਉਹ ਖ਼ੁਦ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਗੁਰੂਆਂ, ਪੀਰਾਂ‐ਪੈਗੰਬਰਾਂ ਦੀ ਧਰਤੀ ਦੇ ਮੇਅਰ ਵਜੋਂ ਲੋਕ ‘ਸੇਵਕ’ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਜਦ ਜਨਤਾ ਨਾਲ ਕੀਤਾ ਗਿਆ ਵਿਕਾਸ ਸਬੰਧੀ ਵਾਅਦਾ ਪੂਰਾ ਕਰਦੇ ਹਨ ਤਾਂ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਨਾਲੀਆਂ, ਸੀਵਰੇਜ਼, ਸਕਿਓਰਿਟੀ ਆਦਿ ਸਬੰਧੀ ਵੀ ਧਿਆਨ ’ਚ ਹਨ ਅਤੇ ਆਉਂਦੇ ਸਮੇਂ ਇਸ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਸ: ਕਸ਼ਮੀਰ ਸਿੰਘ, ਡਾ. ਸੁਖਦੇਵ ਸਿੰਘ ਨੇ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਮੇਅਰ ਰਿੰਟੂ ਨੂੰ ਜਿੱਥੇ ਵਸਨੀਕਾਂ ਪ੍ਰੇਸ਼ਾਨੀਆਂ ਬਾਰੇ ਚਾਨਣਾ ਪਾਇਆ, ਉਥੇ ਉਨ੍ਹਾਂ ਅੱਜ ਸਾਫ਼‐ਸੁੱਥਰਾ ਪਾਣੀ ਪ੍ਰਦਾਨ ਕਰਵਾਉਣ ਲਈ ਟਿਊਬਵੈਲ ਦੇ ਕੀਤੇ ਉਦਘਾਟਨ ਲਈ ਧੰਨਵਾਦ ਕੀਤਾ ਅਤੇ ਬਾਕੀ ਰਹਿੰਦੀਆਂ ਮੁਸ਼ਕਿਲਾਂ ਤੋਂ ਜਲਦ ਛੁਟਕਾਰਾ ਦਿਵਾਉਣ ਦੀ ਅਪੀਲ ਕੀਤੀ। ਇਸ ਮੌਕੇ ਮੀਤ ਪ੍ਰਧਾਨ ਜਸਬੀਰ ਸਿੰਘ ਬੰਦੇਸ਼ਾ, ਕਰਨਬੀਰ ਸਿੰਘ ਮਾਨ, ਨੇਹਾ (ਫਾਇਨਾਂਸ ਸਕੱਤਰ), ਪ੍ਰੋ: ਬੀ. ਐਸ. ਰੰਧਾਵਾ, ਅਵਤਾਰ ਸਿੰਘ (ਸਲਾਹਕਾਰ), ਕਰ: ਰਘੂਬੀਰ ਸਿੰਘ, ਦਲਬੀਰ ਸਿੰਘ ਖ਼ਾਲਸਾ, ਜਤਿੰਦਰ ਸਿੰਘ ਜਥੇਦਾਰ, ਰਛਪਾਲ ਸਿੰਘ, ਚਰਨਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਗੰਡੀਵਿੰਡ, ਮਨਜੀਤ ਕੌਰ, ਹਰਜੀਤ ਕੌਰ, ਸਰਬਜੀਤ ਕੌਰ, ਸ਼ੁਸ਼ਮਾ ਭਾਟੀਆ, ਰਵੀ ਪਠਾਨੀਆ, ਪਲਰਾਜ ਸਿੰਘ, ਰਾਹੁਲ ਬਿਸ਼ਟ, ਗੌਤਮਜੀਤ ਸਿੰਘ ਵੜੈਚ, ਅਕਾਲਪਰਮਜੀਤ ਸਿੰਘ ਕੁੰਦਰਾ, ਗਗਨਜੀਤ ਸਿੰਘ, ਸੰਨੀ ਸਿੰਘ, ਬਲਰਾਜ ਸਿੰਘ ਆਦਿ ਕਾਲੋਨੀ ਵਸਨੀਕ ਹਾਜ਼ਰ ਸਨ।