ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 17 ਅਪ੍ਰੈਲ 2021 - ਪੇਂਡੂ ਖੇਤਰ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਦੇਣ ਲਈ ਕੰਮ ਕਰ ਰਹੇ ਰੂਰਲ ਸੈਲਫ ਇੰਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ ਵਿਖੇ ਬਿਊਟੀ ਪਾਰਲਰ ਦਾ ਕੋਰਸ ਮੁਕੰਮਲ ਕਰਨ ਵਾਲੇ ਸਿਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ।
ਪ੍ਰੋਗਰਾਮ ਵਿੱਚ ਜਿਲ੍ਹਾ ਕਪੂਰਥਲਾ ਦੇ ਐਸ. ਪੀ. (ਆਪਰੇਸ਼ਨ) ਸ. ਜਸਵੀਰ ਸਿੰਘ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ। ਉਨ੍ਹਾਂ ਨਾਲ ਸ੍ਰੀ ਉਜਵਲ ਜੈਸਵਾਲ, ਚੀਫ ਐਲ. ਡੀ. ਐਮ., ਪੰਜਾਬ ਨੈਸ਼ਨਲ ਬੈਂਕ, ਕਪੂਰਥਲਾ ਨੇ ਵੀ ਸ਼ਿਰਕਤ ਕੀਤੀ।
ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਸ. ਜਸਵੀਰ ਸਿੰਘ ਨੇ ਕਿਹਾ ਕਿ ਨੌਜਵਾਨ ਆਪਣਾ ਰੋਜ਼ਗਾਰ ਅਪਣਾਉਣ ਤੇ ਸਫਲ ਉੱਦਮੀ ਬਣਨ।
ਸੰਸਥਾ ਦੇ ਡਾਇਰੈਕਟਰ ਸ੍ਰੀ ਲਾਭ ਕੁਮਾਰ ਗੋਇਲ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ -ਵੱਖ ਕਿੱਤਿਆਂ ਵਿੱਚ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਖਾਣ- ਪੀਣ ਦਾ ਪ੍ਰਬੰਧ ਵੀ ਮੁਫਤ ਕੀਤਾ ਜਾਂਦਾ ਹੈ। ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜ਼ਾ ਪ੍ਰਾਪਤ ਕਰਨ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸੰਸਥਾ ਵਲੋਂ ਮੋਬਾਇਲ ਰਿਪੇਅਰਿੰਗ,ਇਲੈਕਟ੍ਰੀਸ਼ਨ, ਪਲੰਬਰ, ਸਾਫਟ ਟੁਆਏਜ ਮੇਕਿੰਗ ਵਰਗੇ ਨਵੇਂ ਕੋਰਸ ਸੁਰੂ ਕੀਤੇ ਜਾ ਰਹੇ ਹਨ । ਇਸ ਮੌਕੇ ਮਿਸ ਜੋਤੀ ਲੋਟੀਆ, ਮਿਸ ਪਿਆ ਅਤੇ ਮਿਸ ਕੁਲਦੀਪ ਕੌਰ ਵੀ ਹਾਜ਼ਰ ਸਨ।