ਨਵਾਂਸ਼ਹਿਰ 18 ਅਪ੍ਰੈਲ 2021 - ਰੇਲਵੇ ਰੋਡ ਬੰਗਾ ਤੇ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਤੋਂ ਨਕਦੀ ਲੈ ਕੇ ਵਾਪਸ ਆਪਣੇ ਘਰ ਪਰਤ ਰਹੀ ਔਰਤ ਨੂੰ 2 ਮੋਟਰਸਾਈਕਲ ਸਵਾਰਾਂ ਵਲੋਂ ਘੇਰ ਕੇ ਉਸ ਕੋਲੋਂ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਲੁੱਟ ਦਾ ਸ਼ਿਕਾਰ ਹੋਈ ਔਰਤ ਕਮਲੇਸ਼ ਪਤਨੀ ਸਵ . ਢੇਰੂ ਰਾਮ ਵਾਸੀ ਐਮ . ਸੀ . ਕਾਲੋਨੀ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ' ਚ ਕੰਮ ਕਰ ਆਪਣਾ ਪਰਿਵਾਰ ਪਾਲਦੀ ਹੈ ।
ਬੀਤੀ ਕੱਲ ਉਹ ਬੰਗਾ ਦੇ ਰੇਲਵੇ ਰੋਡ ' ਤੇ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ' ਚੋਂ 6 ਹਜ਼ਾਰ ਰੁਪਏ ਲੈ ਕੇ ਘਰ ਵਾਪਸ ਆ ਰਹੀ ਸੀ । ਜਿਵੇਂ ਹੀ ਉਹ ਰੇਲਵੇ ਰੋਡ ਤੋਂ ਆਪਣੇ ਘਰ ਆ ਰਹੀ ਸੀ ਤਾਂ ਜਦ ਇਕ ਨਿਜੀ ਪਲੇਅ ਸਕੂਲ ਕੋਲ ਪੁੱਜੀ ਤਾਂ ਉਸ ਨੂੰ ਇਕ ਮੋਟਰਸਾਈਕਲ ' ਤੇ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰ ਕੇ ਘੇਰ ਲਿਆ ਅਤੇ ਉਸ ਪਾਸੋ ਉਸਦੀ ਬੈਂਕ ਦੀ ਕਾਪੀ ਸਮੇਤ ਨਕਦੀ ਖੋਹ ਲਈ ਅਤੇ ਜਾਣ ਸਮੇਂ ਬੈਂਕ ਕਾਪੀ ਉੱਥੇ ਹੀ ਸੁੱਟ ਕੇ ਫਰਾਰ ਹੋ ਗਏ । ਉਸ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਆਪਣੇ ਮੂੰਹ ਅਤੇ ਸਿਰ ਕਪੜੇ ਨਾਲ ਢੱਕੇ ਹੋਏ ਸਨ ਜਿਸ ਕਰਕੇ ਉਹ ਉਨ੍ਹਾਂ ਨੂੰ ਪਛਾਣ ਨਹੀਂ ਸਕੀ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਲੁਟੇਰਿਆਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ।