ਟਾਈਮ ਦੇਖ ਕੇ ਕਰ ਰਹੇ ਨੇ ਕੰਮ ਕਰਮਚਾਰੀ
ਸੰਜੀਵ ਜਿੰਦਲ
ਮਾਨਸਾ , 10 ਮਈ 2021 : ਕੋਰੋਨਾ ਮਹਾਂਮਾਰੀ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ । ਜਿਸ ਦੇ ਕਾਰਨ ਪੰਜਾਬ ਵਿੱਚ ਹਰ ਰੋਜ਼ ਮੌਤਾਂ ਦੀ ਦਰ ਵਧ ਰਹੀ ਹੈ , ਤੇ ਬਹੁਤਿਆਂ ਘਰਾਂ ਦੇ ਚਿਰਾਗ ਬੁਝ ਗਏ ਹਨ । ਸੈਂਪਲਿੰਗ ਅਤੇ ਰਿਪੋਰਟਾਂ ਲੈਣ ਲਈ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ । ਪਿਛਲੇ ਸਮੇਂ ਤੋਂ ਲਗਾਤਾਰ ਮਾਨਸਾ ਸਿਹਤ ਵਿਭਾਗ ਅਖ਼ਬਾਰਾਂ , ਚੈਨਲਾਂ ਅਤੇ ਵੈੱਬਸਾਈਟਾਂ ਤੇ ਆਪਣੇ ਸੋਹਲੇ ਅਲਾਪਣ ਲਈ ਤਰ੍ਹਾਂ -ਤਰ੍ਹਾਂ ਦੀਆਂ ਫੋਟੋਆਂ ਅਤੇ ਖ਼ਬਰਾਂ ਛਪਵਾ ਰਿਹਾ ਹੈ । ਪਰ ਅੱਜ ਜਦੋਂ ਬਾਬੂਸ਼ਾਹੀ ਦੇ ਪੱਤਰਕਾਰ ਨੇ ਖੁਦ ਜਾ ਕੇ ਜ਼ਮੀਨੀ ਹਕੀਕਤ ਦੇਖੀ ਹੈ ਤਾਂ ਉਹ ਕੁਝ ਹੋਰ ਸੀ । ਕੋਰੋਨਾ ਰਿਪੋਰਟ ਕਾਊਂਟਰ ਤੇ ਲਾਈਨਾਂ ਲੱਗੀਆਂ ਹੋਈਆਂ ਸਨ । ਲੋਕ ਧੁੱਪ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ । ਪਰ ਅੰਦਰ ਬੈਠੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਸਨ । ਜਦੋਂ ਆਖ਼ਰੀ ਤਿੰਨ -ਚਾਰ ਵਿਅਕਤੀ ਰਿਪੋਰਟ ਲੈਣ ਲਈ ਬਾਕੀ ਰਹਿ ਗਏ ਸਨ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਘਰ ਭੇਜ ਦਿੱਤਾ ਗਿਆ ਕਿ 2 ਵੱਜ ਗਏ ਹਨ ਸਾਡੀ ਡਿਊਟੀ ਖ਼ਤਮ ਹੁੰਦੀ ਹੈ । ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਮੈਂ ਸਰਦੂਲਗਡ਼੍ਹ ਦੇ ਲਾਗੇ ਪਿੰਡ ਤੋਂ ਹਾਂ ਪਰ ਉਨ੍ਹਾਂ ਨੇ ਕੋਈ ਵੀ ਗੱਲ ਨਾ ਸੁਣੀ । ਇਸ ਸੰਬੰਧੀ ਜਦੋਂ ਸੀਐਮਓ ਡਾ. ਸੁਖਵਿੰਦਰ ਸਿੰਘ ਨਾਲ ਪੱਤਰਕਾਰ ਵੱਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ । ਉਸ ਤੋਂ ਬਾਅਦ ਦੋ ਤਿੰਨ ਵਾਰ ਫੋਨ ਕਰਨ ਤੇ ਉਨ੍ਹਾਂ ਵੀ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ । ਜਦੋਂ ਕਿ ਮਾਨਸਾ ਜ਼ਿਲ੍ਹੇ ਦਾ ਪੂਰਾ ਸਿਹਤ ਵਿਭਾਗ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ । ਕਾਊਂਟਰ ਉੱਪਰ ਸਾਫ਼ ਸਾਫ਼ ਸ਼ਬਦਾਂ ਵਿੱਚ ਲਿਖ ਕੇ ਲਗਾਇਆ ਹੋਇਆ ਹੈ ਕਿ ਹਾਲੇ ਤਕ ਫਤਿਹ ਕਿੱਟਾਂ ਖਤਮ ਹਨ । ਜਦੋਂ ਆਉਣਗੀਆਂ ਤਾਂ ਦੱਸ ਦਿੱਤਾ ਜਾਵੇਗਾ । ਕੀ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ ਇਨ੍ਹਾਂ ਕਿੱਟਾਂ ਦੀ ਉਡੀਕ ਕਰਨ ? ਕੀ ਇਸ ਤਰ੍ਹਾਂ ਦੇ ਸਮੇਂ ਮੁਤਾਬਿਕ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਕੋਰੋਨਾ ਯੋਧੇ ਜਾਂ ਫਰੰਟਲਾਈਨ ਯੋਧੇ ਕਿਹਾ ਜਾਂਦਾ ਹੈ ? ਜੋ 2:00 ਵੱਜਣ ਦੇ ਨਾਲ ਹੀ ਕੰਮ ਵਿਚਕਾਰ ਛੱਡ ਕੇ ਭੱਜ ਜਾਂਦੇ ਹਨ । ਇਸ ਨੂੰ ਕਿਸ ਤਰ੍ਹਾਂ ਦੀ ਸੇਵਾ ਮੰਨਿਆ ਜਾਵੇ । ਦੂਸਰਾ ਵਿਭਾਗ ਵੱਲੋਂ ਸਿਰਫ ਇਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਸ ਵਿਚ ਨੈਗੇਟਿਵ ਜਾਂ ਪਾਜ਼ੇਟਿਵ ਲਿਖਿਆ ਹੁੰਦਾ ਹੈ । ਜਦੋਂਕਿ ਪੂਰੀ ਮੈਡੀਕਲ ਰਿਪੋਰਟ ਸਭ ਨੂੰ ਮਿਲਣੀ ਚਾਹੀਦੀ ਹੈ । ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਦਵਾਈ ਲਿਖਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ । ਇਕ ਪਾਸੇ ਸਿਹਤ ਵਿਭਾਗ ਲੋਕਾਂ ਨੂੰ ਬਾਰ-ਬਾਰ ਸੈਂਪਲਿੰਗ ਜਾਂ ਟੈਸਟ ਕਰਾਉਣ ਲਈ ਕਹਿ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੀ ਸਾਰ ਵੀ ਨਹੀਂ ਲੈਂਦਾ । ਇਸ ਵੱਲ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਧਿਆਨ ਦੇਣਾ ਚਾਹੀਦਾ ਹੈ । ਤਾਂ ਕਿ ਲੋਕਾਂ ਨੂੰ ਆਪਣੀਆਂ ਰਿਪੋਰਟਾਂ ਲੈਣ ਲਈ ਖੱਜਲ ਨਾ ਹੋਣਾ ਪਵੇ । ਜੇਕਰ ਸਰਕਾਰ ਲੋਕਾਂ ਦੀ ਸੁਰੱਖਿਆ ਵਾਸਤੇ ਨਿਯਮ ਤੈਅ ਕਰਦੀ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਰੁਲਣ ਤੋਂ ਵੀ ਬਚਾਵੇ । ਉਮੀਦ ਹੈ ਕਿ ਸਿਹਤ ਮੰਤਰੀ ਪੰਜਾਬ, ਇਸ ਵੱਲ ਧਿਆਨ ਦੇਣਗੇ ।