ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼
ਦੀਦਾਰ ਗੁਰਨਾ
ਰਾਜਪੁਰਾ 21 ਜੁਲਾਈ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਪੰਜਾਬ ਅੰਦਰ ਵੱਡੀ ਪੱਧਰ ਤੇ ਵਿਕਾਸ ਕਾਰਜ ਕੀਤੇ ਗਏ ਹਨ , ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਵੇਖਣ ਨੂੰ ਮਿਲ ਰਹੀਆਂ ਹਨ , ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ਼ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਕੀਤਾ, ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਪਿੰਡ ਅਤੇ ਸ਼ਹਿਰ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਰਹਿ ਰਹੇ ਹਨ
ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਅੱਗੇ ਕਿਹਾ ਕਿ ਸਿੱਖਿਆ ਦੇ ਖੇਤਰ ਅੰਦਰ ਕੈਪਟਨ ਸਰਕਾਰ ਨੇ ਨਵੇਂ ਮੀਲ ਪੱਥਰ ਸਥਾਪਤ ਕਰਕੇ ਪੰਜਾਬ ਨੂੰ ਗਿਣਤੀ ਦਿਆਂ ਕੁਝ ਸੂਬਿਆਂ ਵਿੱਚ ਪੁੱਜਦਾ ਕਰ ਦਿੱਤਾ ਹੈ , ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ , ਉਨ੍ਹਾਂ ਆਖਿਆ ਕਿ ਜੇਕਰ ਨੌਕਰੀਆਂ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਵੱਲੋਂ ਵੱਡੀ ਪੱਧਰ ਤੇ ਨੌਕਰੀਆਂ ਮੁਹੱਈਆ ਕਰਵਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ , ਇੱਥੋਂ ਤੱਕ ਕਿ ਪ੍ਰਾਈਵੇਟ ਖੇਤਰ ਅੰਦਰ ਵੀ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਬਦੌਲਤ ਨੌਕਰੀਆਂ ਦਾ ਹੜ੍ਹ ਆਇਆ ਹੈ , ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜੋ ਕੁਝ ਕਰਦੀ ਹੈ ਉਹ ਲੋਕਾਂ ਦੇ ਕੰਮ ਧੰਦਿਆਂ ਨੂੰ ਮੁੱਖ ਰੱਖ ਕੇ ਕਰਦੀ ਹੈ ਨਾ ਕਿ ਪਾਰਟੀਬਾਜ਼ੀ ਨੂੰ ਧਿਆਨ ਵਿਚ ਰੱਖ ਕੇ ਕੰਮ ਕੀਤੇ ਜਾਂਦੇ ਹਨ , ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਉਨ੍ਹਾਂ ਦੀ ਪਾਰਟੀ ਨੂੰ ਦੁਬਾਰਾ ਮੌਕਾ ਦਿੰਦੀ ਹੈ ਤਾਂ ਉਹ ਪੰਜਾਬ ਨੂੰ ਹਰ ਖੇਤਰ ਵਿੱਚ ਬੁਲੰਦੀਆਂ ਤੇ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ