ਸਿੱਧੀ ਬਿਜਾਈ ਦੀ ਤਕਨੀਕ ਅਪਣਾਓ, ਪਾਣੀ ਬਚਾਓ ਬਾਰੇ ਜਾਗਰੂਕ ਕੀਤਾ
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਝੰਜੋਵਾਲ ’ਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸ ਮਨਾਇਆ
ਹੁਸ਼ਿਆਰਪੁਰ, 14 ਸਤੰਬਰ 2021-ਪਿੰਡ ਝੰਜੋਵਾਲ ਦੇ ਕਿਸਾਨ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਪਿਛਲੇ ਸਾਲ ਲੇਬਰ ਦੀ ਕਮੀ ਦੌਰਾਨ ਸਿੱਧੀ ਬਿਜਾਈ ਤਕਨੀਕ ਬਾਰੇ ਸਫ਼ਲ ਅਨੁਭਵ ਕੀਤਾ ਸੀ। ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਇਸ ਤਕਨੀਕ ਤੋਂ ਸੰਤੁਸ਼ਟ ਹੋ ਕੇ ਉਨ੍ਹਾਂ ਇਸ ਵਾਰ ਇਸ ਤਕਨੀਕ ਤਹਿਤ 5 ਏਕੜ ਰਕਬਾ ਕਵਰ ਕੀਤਾ ਹੈ। ਹੁਣ ਉਹ ਹੋਰ ਕਿਸਾਨਾਂ ਨੂੰ ਵੀ ਪਾਣੀ ਦੀ ਬਚਤ ਲਈ ਇਸ ਤਕਨੀਕ ਨੂੰ ਅਪਨਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਬੀਤੇ ਦਿਨ ਪਿੰਡ ਝੰਜੋਵਾਲ ਵਿਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸ ਦੇ ਆਯੋਜਨ ਦੌਰਾਨ ਕਿਸਾਨਾਂ ਨਾਲ ਆਪਣੇ ਅਨੁਭਵ ਸਾਂਝੇ ਕਰ ਰਹੇ ਸਨ। ਸਿਰਫ਼ ਸਤਪਾਲ ਸਿੰਘ ਹੀ ਨਹੀਂ ਬਲਕਿ ਇਸ ਤਰ੍ਹਾਂ ਦੇ ਕਈ ਕਿਸਾਨਾਂ ਨੇ ਸਿੱਧੀ ਬਿਜਾਈ ਦੀ ਤਕਨੀਕ ਨੂੰ ਅਪਨਾਇਆ ਹੈ।
ਪਿੰਡ ਝੰਜੋਵਾਲ ਵਿਚ ਆਯੋਜਿਤ ਕੈਂਪ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਨੇ ਆਏ ਹੋਏ ਕਿਸਾਨਾਂ ਨੂੰ ਪਾਣੀ ਦੇ ਧਰਤੀ ਹੇਠਲੇ ਡਿਗ ਰਹੇ ਪੱਧਰ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਵਿਧੀ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਇਸ ਵਿੱਧੀ ਬਾਰੇ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਸਿੱਧੀ ਬਿਜਾਈ ਲਈ ਖੇਤਾਂ ਦੀ ਪ੍ਰਦਰਸ਼ਨੀ ਦੀ ਕਾਰਗੁਜ਼ਾਰੀ ਸਬੰਧੀ ਰੂ-ਬ-ਰੂ ਕਰਨਾ ਹੈ। ਡਾ. ਬੌਂਸ ਨੇ ਕਿਸਾਨਾਂ ਪ੍ਰਤੀ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ’ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਇਸ ਦਾ ਪੂਰਾ ਲਾਭ ਲੈਣ ਲਈ ਕਿਹਾ। ਉਨ੍ਹਾਂ ਪਾਣੀ ਦੇ ਘੱਟ ਪ੍ਰਯੋਗ ਕਰਨ ਵਾਲੀ ਖਰੀਫ ਫਸਲ ਮੱਕੀ, ਮੂੰਗਫਲੀ, ਤਿਲ, ਸੋਇਆਬੀਨ, ਪੇਠਾ, ਅਰਹਰ ਆਦਿ ਦੀ ਕਾਸ਼ਤ ਅਤੇ ਉਨਤ ਕਿਸਮ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਖਰੀਦ ਫ਼ਸਲਾਂ ਦੇ ਸਰਵ ਵਿਅਪਕ ਕੀਟ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ।
ਕੇਂਦਰ ਦੇ ਸਹਿਯੋਗੀ ਪ੍ਰੋਫੈਸਰ (ਫਸਲ ਵਿਗਿਆਨ) ਡਾ. ਗੁਰਪ੍ਰਤਾਪ ਸਿੰਘ ਨੇ ਸਿੱਧੀ ਬਿਜਾਈ ਤਕਨੀਕ ਦੇ ਫਾਇਦੇ ਅਤੇ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਫ਼ਸਲ ਕਾਸ਼ਤ, ਖਾਦਾਂ ਦਾ ਪ੍ਰਯੋਗ ਅਤੇ ਨਦੀਨ ਪ੍ਰਬੰਧਾਂ ਬਾਰੇ ਦੱਸਿਆ ਅਤੇ ਸਿੱਧੀ ਬਿਜਾਈ ਨੂੰ ਵੱਡੇ ਪੱਧਰ ’ਤੇ ਅਪਨਾਉਣ ’ਤੇ ਜ਼ੋਰ ਦਿੱਤਾ। ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਡਾ. ਸੁਖਵਿੰਦਰ ਸਿੰਘ ਔਲਖ ਨੇ ਪੌਸ਼ਟਿਕ ਫ਼ਲ ਬਗੀਚੀ, ਸਬਜੀਆਂ ਦੀ ਘਰੇਲੂ ਬਗੀਚੀ ਅਤੇ ਮਸ਼ਰੂਮ ਦੀ ਕਾਸ਼ਤ ਦੇ ਫਾਇਦੇ ਤੇ ਉਤਪਾਦਨ ਤਕਨੀਕਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਸੰਤੁਲਤ ਖੁਰਾਕ ਅਤੇ ਘਰ ਬਗੀਚੀ ਲਈ ਕਿਹਾ। ਡਾ. ਔਲਖ ਨੇ ਆਲੂ ਤੇ ਮਟਰ ਦੀ ਕਾਸ਼ਤ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਪਿੰਡ ਝੰਜੋਵਾਲ ਦੇ ਸਰਪੰਚ ਮਨਦੀਪ ਕੌਰ, ਸਤਪਾਲ ਸਿੰਘ, ਗੁਰਨਾਮ ਸਿੰਘ ਨੰਬਰਦਾਰ, ਜਗੀਰ ਸਿੰਘ, ਸਤਵਿੰਦਰ ਸਿੰਘ ਜਗਦੀਪ ਸਿੰਘ, ਸੋਨੂੰ, ਪਿੰਡ ਰਾਮਪੁਰ ਤੋਂ ਜਸਵਿੰਦਰ ਸਿੰਘ, ਦਿਲਬਾਗ ਸਿੰਘ ਤੇ ਜੋਗਿੰਦਰ ਪਾਲ ਤੇ ਪਿੰਡ ਆਲਮਵਾਲ ਤੋਂ ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਸ਼ੰਕਿਆਂ ਬਾਰੇ ਮਾਹਿਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਕਿਸਾਨਾਂ ਦੀ ਸੁਵਿਧਾ ਲਈ ਸਬਜ਼ੀਆਂ ਦੀਆਂ ਕਿੱਟਾਂ, ਤੋਰੀਆ ਤੇ ਗਾਜਰ ਦੇ ਬੀਜ, ਪਸ਼ੂ ਚਾਟ ਇੱਟ ਅਤੇ ਕ੍ਰਿਸ਼ੀ ਸਾਹਿਤ ਵੀ ਉਪਲਬੱਧ ਕਰਵਾਇਆ ਗਿਆ।