ਮਾਈਗ੍ਰੇਟਰੀ ਪਲਸ ਪੋਲੀਓ, ਦੂਸਰੇ ਦਿਨ 3311 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 27 ਸਤੰਬਰ 2021– ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿੰਨ ਦਿਨ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਜਾਰੀ ਹੈ। ਮੁਹਿੰਮ ਦੇ ਦੂਸਰੇ ਦਿਨ ਅੱਜ ਪ੍ਰਵਾਸੀ ਮਜਦੂਰਾਂ ਦੇ 0-5 ਸਾਲ ਦੇ 3311 ਬੱਚਿਆਂ ਨੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਸੰਬੰਧ ਵਿਚ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਚਾਹੇ ਭਾਰਤ ਵਿਚੋਂ ਪੋਲੀਓ ਖਤਮ ਹੋ ਚੁੱਕਾ ਹੈ ਪਰ ਗੁਆਂਢੀ ਰਾਜਾਂ ਤੋਂ ਇਸ ਦੇ ਵਾਇਰਸ ਆਉਣ ਦਾ ਖਦਸ਼ਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ 28 ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਪ੍ਰਵਾਸੀ ਮਜਦੂਰਾਂ ਦੇ 14412 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਨੂੰ ਕਵਰ ਕਰ ਲਿਆ ਜਾਏਗਾ। ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਇਹ ਨਿਰਦੇਸ਼ ਹਨ ਕਿ ਕੋਈ ਵੀ ਬੱਚਾ ਇਨ੍ਹਾਂ ਬੂੰਦਾਂ ਨੂੰ ਪੀਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਉੱਚਅਧਿਕਾਰੀਆਂ ਵੱਲੋਂ ਮੁਹਿੰਮ ਦੀ ਸੁਪੋਰਟਿਵ ਸੁਪਰਵਿਜਨ ਵੀ ਕੀਤੀ ਜਾ ਰਹੀ ਹੈ।