ਜ਼ਿਲ੍ਹੇ ਅੰਦਰ ਦੋ ਕਿਲੋਵਾਟ ਤੱਕ ਮਨਜ਼ੂਰਸੁਦਾ ਬਕਾਇਆ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ: ਡਿਪਟੀ ਕਮਿਸ਼ਨਰ
ਹੁਣ ਤੱਕ ਬਕਾਇਆ ਬਿਜਲੀ ਬਿਲਾਂ ਵਾਲੇ 3418 ਲਾਭਪਾਤਰੀਆਂ ਦੇ 1 ਕਰੋੜ 71 ਲੱਖ ਰੁਪਏ ਮਾਫ਼ ਹੋਏ: ਰਾਮਵੀਰ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 25 ਅਕਤੂਬਰ, 2021: ਪੰਜਾਬ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਬਿਲ ਮੁਆਫ਼ੀ ਸਕੀਮ ਤਹਿਤ ਜ਼ਿਲਾ ਸੰਗਰੂਰ ਦੇ 70 ਹਜ਼ਾਰ 169 ਯੋਗ ਖਪਤਕਾਰਾਂ ਦੇ 29 ਕਰੋੜ 89 ਲੱਖ ਰੁਪਏ ਮਾਫ਼ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਸ੍ਰੀ ਰਾਮਵੀਰ ਨੇ ਦੱਸਿਆ ਕਿ 2 ਕਿਲੋਵਾਟ ਤੱਕ ਦੇ ਮਨਜੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿਲਾਂ ਨੂੰ ਮਾਫ ਕਰਨ ਅਤੇ ਬਿਲ ਨਾ ਭਰਨ ਕਰਕੇ ਕੱਟੇ ਹੋਏ ਬਿਜਲੀ ਕੁਨੈਕਸ਼ਨਾਂ ਨੂੰ ਜੋੜਨ ਦੀ ਸਕੀਮ ਦਾ ਲਾਭ ਬਹੁਤ ਹੀ ਸੁਖਾਲੇ ਢੰਗ ਨਾਲ ਲਿਆ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਲਾਭਪਾਤਰੀ ਖਪਤਕਾਰ ਨੂੰ ਕੇਵਲ ਆਪਣਾ ਮੌਜੂਦਾ ਬਿਜਲੀ ਬਿਲ ਜਾਂ ਪਿਛਲਾ ਬਿਜਲੀ ਬਿਲ ਹੀ ਆਪਣੇ ਨਾਲ ਬਿਜਲੀ ਦਫ਼ਤਰ ਵਿਖੇ ਲਿਜਾਣ ਦੀ ਲੋੜ ਹੈ ਅਤੇ ਉਸਨੂੰ ਪੰਜਾਬ ਸਰਕਾਰ ਦੀ ਬਿਜਲੀ ਬਿਲ ਮੁਆਫ਼ੀ ਸਕੀਮ ਦਾ ਲਾਭ ਲੈਣ ਲਈ ਕੇਵਲ ਇੱਕ ਫਾਰਮ ਹੀ ਭਰਨਾ ਪਵੇਗਾ। ਇਸ ਤੋਂ ਬਾਅਦ ਉਸਦੇ ਬਕਾਇਆ ਬਿਜਲੀ ਬਿਲ ਨੂੰ ਪੰਜਾਬ ਸਰਕਾਰ ਵੱਲੋਂ ਭਰਿਆ ਜਾਵੇਗਾ ਅਤੇ ਉਸਦਾ ਬਕਾਇਆ ਬਿਜਲੀ ਬਿਲ ਮਾਫ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਜਲੀ ਬੋਰਡ ਦਫਤਰ ਤੋਂ ਇਲਾਵਾ ਜ਼ਿਲਾ ਵਾਸੀਆਂ ਦੀ ਸੁਵਿਧਾ ਲਈ ਹਰੇਕ ਸਬ ਡਵੀਜ਼ਨ ਪੱਧਰ ’ਤੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਥੇ ਹੁਣ ਤੱਕ 3418 ਲਾਭਪਾਤਰੀਆਂ ਨੂੰ ਬਿਜਲੀ ਬਿਲ ਮਾਫੀ ਸਕੀਮ ਤਹਿਤ 1 ਕਰੋੜ 71 ਲੱਖ ਰੁਪਏ ਮਾਫ਼ ਕੀਤੇ ਜਾ ਚੁੱਕੇ ਹਨ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ’ਚ ਬਿਜਲੀ ਖਪਤਕਾਰ ਆਪਣੇ ਬਿਜਲੀ ਬਿਲ ਮੁਆਫ਼ ਕਰਵਾਉਣ ਲਈ ਵੱਡੀ ਗਿਣਤੀ ’ਚ ਪੁੱਜ ਰਹੇ ਹਨ ਪਰੰਤੂ ਜਿਹੜੇ 2 ਕਿਲੋਵਾਟ ਤੱਕ ਦੇ ਮਨਜੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰ ਅਜੇ ਇਸ ਸਕੀਮ ਦਾ ਲਾਭ ਨਹੀਂ ਲੈ ਸਕੇ, ਉਹ ਤੁਰੰਤ ਲਾਭ ਲੈਣ ਲਈ ਆਪਣੇ ਨੇੜਲੇ ਬਿਜਲੀ ਦਫ਼ਤਰ ਵਿਖੇ ਪੁੱਜਣ।
ਇਸ ਤੋਂ ਪਹਿਲਾ ਪੰਜਾਬ ਰਾਜ ਬਿਜਲੀ ਨਿਗਮ ਦੇ ਡਿਪਟੀ ਚੀਫ਼ ਇੰਜੀਨੀਅਰ ਆਰ.ਕੇ. ਮਿੱਤਲ ਨੇ ਦੱਸਿਆ ਕਿ 22 ਸਬ ਡਵੀਜ਼ਨਾਂ ਵਿਖੇ ਰੋਜ਼ਾਨਾ 9 ਤੋਂ 5 ਵਜੇ ਤੱਕ ਬਕਾਇਆ ਬਿਜਲੀ ਬਿਲ ਮਾਫ਼ੀ ਅਤੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਜੋੜਨ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਰਕਾਰ ਦੀ ਇਸ ਯੋਜਨਾ ਲਈ ਫਾਰਮ ਭਰਨ ਦੀ ਕੋਈ ਫੀਸ ਨਹੀ ਹੈ, ਜੇਕਰ ਕੋਈ ਵਿਅਕਤੀ ਫਾਰਮ ਭਰਨ ਲਈ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਰੰਤ ਬਿਜਲੀ ਬੋਰਡ ਦੇ ਸਬੰਧਤ ਐਸ.ਡੀ.ਓ ਨੂੰ ਸੂਚਿਤ ਕੀਤਾ ਜਾਵੇ।
ਉਨਾਂ ਦੱਸਿਆ ਕਿ ਬਿਜਲੀ ਨਿਗਮ ਦੇ ਸਾਰੇ ਦਫ਼ਤਰਾਂ ਵੱਲੋਂ 2 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਦੀ ਸਕੀਮ ਦਾ ਲਾਭ ਦੇਣ ਲਈ ਨਿਰੰਤਰ ਯਤਨ ਜਾਰੀ ਹਨ।