ਸੁਲਤਾਨਪੁਰ ਲੋਧੀ ਨੂੰ ਅਪਰਾਧ ਤੇ ਭੈਅ ਮੁਕਤ ਬਣਾਉਣ ਲਈ ਕੱਢਿਆ ਗਿਆ ਕੈਂਡਲ ਮਾਰਚ
ਆਏ ਦਿਨੀ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਚ ਹੋ ਰਹੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ:- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 30 ਨਵੰਬਰ 2021
ਪਿਛਲੇ ਦਿਨਾਂ ਤੋਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਵੱਧ ਰਹੀਆਂ ਲੁਟ-ਖੋਹ ਦੀਆਂ ਵਾਰਦਾਤਾਂ ਤੋਂ ਪੀੜਿਤ ਪਰਿਵਾਰਾਂ ਤੇ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਵਰਦਾਤਾਂ ਨੂੰ ਰੋਕਣ ਲਈ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਬੇਬੇ ਨਾਨਕੀ ਜੀ ਦੇ ਘਰ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਦੁਆਲੇ ਘੁੰਮਦੀ ਹੋਈ ਤਲਵੰਡੀ ਚੌਧਰੀਆਂ ਪੁੱਲ ਸੁਲਤਾਨਪੁਰ ਲੋਧੀ ਤੇ ਆ ਕੇ ਸਮਾਪਤ ਹੋਇਆ। ਕੈਂਡਲ ਮਾਰਚ ਵਿਚ ਸੁਲਤਾਨਪੁਰ ਲੋਧੀ ਹਲਕੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਹੱਥਾਂ ਵਿਚ ਮੋਮਬੱਤੀਆਂ ਅਤੇ ਫੱਟੀਆਂ ਫੜੀਆਂ ਜਿਸ ਉਪਰ ਸੁਲਤਾਨਪੁਰ ਲੋਧੀ ਨੂੰ ਭੈਅ ਅਤੇ ਅਪਰਾਧ ਮੁਕਤ ਬਣਾਉਣ, ਬਾਬੇ ਨਾਨਕ ਦੀ ਨਗਰੀ ਚੋਂ ਲੁਟੇਰੇ ਭਜਾਉਣ ਅਤੇ ਘਰਾਂ ਵਿਚ ਰਹਿ ਰਹੀਆਂ ਬੀਬੀਆਂ ਅਤੇ ਭੈਣਾਂ ਨੂੰ ਹਿੰਮਤ ਦਿਖਾਉਣ ਆਦਿ ਦਾ ਸੁਨੇਹਾ ਦਿੱਤਾ ਗਿਆ ਸੀ।
ਕੈਂਡਲ ਮਾਰਚ ਦੀ ਅਗਵਾਈ ਕਰ ਰਹੀ ਪਿਛਲੇ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਚੋਰਾਂ ਨੂੰ ਫੜ ਕੇ ਪ੍ਰਸ਼ਾਸ਼ਨ ਨੂੰ ਦੇਣ ਵਾਲੀ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਇਹ ਕੈਂਡਲ ਮਾਰਚ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਜੀ ਦੀ ਪ੍ਰੇਰਨਾ ਨਾਲ ਗੁਰਬਾਣੀ ਦੇ ਮਹਾਂਵਾਕ ਅਨੁਸਾਰ ‘ਆਪਣ ਹੱਥੀ ਆਪਣਾ ਆਪੇ ਹੀ ਕਾਜੁ’ ਸਵਾਰੀਏ ਤੇ ਪਹਿਰਾ ਦਿੰਦਿਆਂ ਕੱਢੀ ਗਈ। ਇਸ ਦਾ ਮਕਸਦ ਘਰਾਂ ਵਿਚ ਸਹਿਮ ਕੇ ਬੈਠੀਆਂ ਮਾਵਾਂ ਭੈਣਾਂ ਦੇ ਮਨਾਂ ਵਿਚੋਂ ਡਰ ਕੱਢਣਾ ਤੇ ਉਹਨਾਂ ਨੂੰ ਇਨਸਾਫ ਦਿਵਾਉਣਾ ਹੈ।
ਇਸ ਮੌਕੇ ਕੈਂਡਲ ਮਾਰਚ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਜਿੱਥੇ ਗੁਰੂ ਜੀ ਨੇ 13 13 ਤੋਲਿਆ ਸੁਲਤਾਨਪੁਰ ਲੋਧੀ ਵਿਚ ਆਏ ਦਿਨੀ ਵੱਧ ਰਹੀਆ ਚੋਰੀ ਦੀਆਂ ਵਾਰਦਾਤਾਂ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਪਿਛਲੇ ਦਿਨੀ ਇਕ ਸਟੋਰ ਵਿਚ ਹੋਈ ਚੋਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਪ੍ਰਾਸ਼ਸ਼ਨ ਤੇ ਸਭ ਕੁਝ ਨਹੀ ਛੱਡਣਾ ਚਾਹੀਦਾ। ਸਾਨੂੰ ਖੁਦ ਨੂੰ ਚੌਕਸ ਤੇ ਹਿੰਮਤ ਦਿਖਾਉਣ ਦੀ ਲੋੜ ਹੈ। ਸੁਲਤਾਨਪੁਰ ਲੋਧੀ ਵਿਚ ਵੱਧ ਰਹੀਆਂ ਚੋਰੀਆਂ ਦਾ ਕਾਰਨ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿਚ ਭਰਿਆ ਹੋਇਆ ਡਰ ਵੀ ਹੈ ਜਿਸਦਾ ਚੋਰ ਪੂਰਾ ਫਾਇਦਾ ਲੈ ਰਹੇ ਹਨ। ਇਸ ਲਈ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਜਿਸ ਲਈ ਇਹ ਕੈਂਡਲ ਮਾਰਚ ਕੱਢਿਆ ਗਿਆ ਹੈ। ਸੰਤ ਸੀਚੇਵਾਲ ਜੀ ਨੇ ਕਿਹਾ ਕਿ ਉਹ ਪੀੜਿਤ ਪਰਿਵਾਰਾਂ ਦੇ ਨਾਲ ਖੜੇ ਹਨ ਤੇ ਉਹ ਉਹਨਾਂ ਨੂੰ ਇਨਸਾਫ ਦਿਲਾ ਕੇ ਹਟਣਗੇ।
ਇਸ ਕੈਂਡਲ ਮਾਰਚ ਵਿਚ ਸੰਤ ਅਮਰੀਕ ਸਿੰਘ ਜੀ ਖੁਖਰੈਣ, ਹਰਪਾਲ ਸਿੰਘ ਢਿੱਲੋਂ, ਮੇਜ਼ਰ ਸਿੰਘ ਖਾਲਸਾ, ਤਜਿੰਦਰ ਸਿੰਘ ਤੇਜੀ, ਹਰਬੰਸ ਸਿੰਘ, ਅਜੀਤ ਸਿੰਘ ਸੋਨਾਲਿਕਾ ਏਜੰਸੀ, ਸੰਤੋਖ ਸਿੰਘ, ਜਸਕਰਨ ਗੋਲਡੀ, ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਰਿੰਦਰ ਸਿੰਘ ਸੋਨੀਆ , ਅਮਨਦੀਪ ਕੌਰ, ਆਸ਼ਾ ਰਾਣੀ, ਗੁਰਦੇਵ ਸਿੰਘ ਫੌਜੀ ਆਦਿ ਅਤੇ ਸਮੂਹ ਸੁਲਤਾਨਪੁਰ ਲੋਧੀ ਦੇ ਨਿਵਾਸੀ ਸ਼ਾਮਿਲ ਹੋਏ।