ਬਿਜਲੀ ਮੁਲਾਜ਼ਮਾਂ ਨੇ ਸੰਘਰਸ਼ ਦੀ ਜਿੱਤ ਦੀ ਖੁਸ਼ੀ ‘ਚ ਗੇਟ ਰੈਲੀ ਕੀਤੀ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ,30 ਨਵੰਬਰ 2021-ਜੁਆਇੰਟ ਫੋਰਮ ਦੇ ਸੱਦੇ ਤੇ ਪੇਅ ਬੈਂਡ ਦੀ ਮੰਗ ਨੂੰ ਲੈੇ ਕੇ ਬਿਜਲੀ ਨਿਗਮ ਦੇ ਚੱਲ ਰਹੇ ‘ਔਜਾਰ ਛੋੜ ਕਲਮ ਛੋੜ’ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਸੁੰਦਰ ਨਗਰ ਮੰਡਲ ਕਾਕੋਵਾਲ ਰੋਡ ਦੇ ਦਫਤਰ ਅੱਗੇ ਗੇਟ ਰੈਲੀ ਕਰਕੇ ਮੁਲਾਜਮਾਂ ਨੇ ਖੁਸ਼ੀ ਸਾਂਝੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਟੀ ਐਸ ਯੂ ਦੇ ਸਰਕਲ ਸੱਕਤਰ ਰਘਵੀਰ ਸਿੰਘ, ਟੀ ਐਸ ਯੂ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਜਗੀਰ ਸਿੰਘ, ਸਬ ਡਵੀਜਨ ਦੇ ਪ੍ਰਧਾਨ ਗੌਰਵ ਕੁਮਾਰ, ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਇਸਨੂੰ ਮੁਲਾਜਮਾਂ ਦੇ ਏਕੇ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਜਲੀ ਮੁਲਾਜਮਾਂ ਦੀ ਪੇਅ ਬੈਂਡ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਜੋ 2011 ਤੋਂ ਲਟਕੀ ਹੋਈ ਸੀ। ਮੁਲਾਜਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ 30 ਨਵੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਲਈ ਬਿਜਲੀ ਬੋਰਡ ਦੇ ਇਤਿਹਾਸ ‘ਚ ਦੂਜੀ ਵਾਰ ਲੰਬੀ ਚੱਲੀ ਹੜਤਾਲ ਖਤਮ ਕਰ ਦਿੱਤੀ ਹੈ ਪਰ ਕਿਸਾਨਾਂ ਦੀ ਤਰਜ ‘ਤੇ ਸਾਰੇ ਮੁਲਾਜਮ ਇੱਕਜੁੱਟ ਹਨ ਅਤੇ ਜੇਕਰ ਸਰਕਾਰ ਨੇ ਕੋਈ ਵੀ ਚਲਾਕੀ ਕਰਨ ਦੀ ਕੋਸ਼ਿਸ ਕੀਤੀ ਤਾਂ ਮੁੜ ਪਹਿਲਾਂ ਨਾਲੋਂ ਵੀ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।
ਸ: ਰਘਵੀਰ ਸਿੰਘ ਨੇ ਸਹਿਯੋਗ ਦੇਣ ਵਾਲੇ ਰਿਟਾਇਰਡ ਆਗੂਆਂ ਅਤੇ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਸੱਭ ਨੂੰ ਮੁਬਾਰਕਵਾਦ ਵੀ ਦਿੱਤੀ। ਇਸ ਮੌਕੇ ਮੇਵਾ ਸਿੰਘ, ਹਿਰਦੇ ਰਾਮ, ਕਰਤਾਰ ਸਿੰਘ, ਅਮਰੀਕ ਸਿੰਘ, ਦੀਪਕ ਕੁਮਾਰ, ਬਹਾਦੁਰ ਸਿੰਘ, ਧਰਮਿੰਦਰ, ਕਮਲਦੀਪ ਸਿੰਘ ਰਣੀਆ, ਕਮਲਦੀਪ ਸਿੰਘ, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਸੰਦੀਪ ਮਰਵਾਹਾ, ਜਗਦੀਸ਼ ਕੁਮਾਰ, ਸੁਖਵਿੰਦਰ ਸਿੰਘ, ਰਮੇਸ਼ ਕੁਮਾਰ ਬਾਵਾ, ਭਾਗ ਚੰਦ, ਰਾਮਦਾਸ, ਧਰਮਪਾਲ ਅਤੇ ਹੋਰ ਹਾਜਰ ਸਨ। ਮੁਲਾਜਮ ਆਗੂਆਂ ਨੇ ਸੰਘਰਸ਼ ਦੌਰਾਨ ਮੀਡੀਆ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁਲਾਜਮਾਂ ਦੀ ਲੰਬੇ ਸਮੇਂ ਤੋਂ ਲਟਕਦੀ ਹੱਕੀ ਮੰਗ ਦੇ ਮੰਨੇ ਜਾਣ ‘ਚ ਮੁਲਾਜਮਾਂ ਦੇ ਨਾਲ ਨਾਲ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਮੁਲਾਜਮਾਂ ਦੀ ਅਵਾਜ ਨੂੰ ਸਰਕਾਰ ਅਤੇ ਬਿਜਲੀ ਨਿਗਮ ਦੀ ਮਨੇਜਮੈਂਟ ਤੱਕ ਪਹੁੰਚਾਇਆ। ਉਨ੍ਹਾਂ ਅੱਗੇ ਤੋਂ ਵੀ ਅਜਿਹੇ ਹੀ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ।