ਪਿੰਡ ਬੋੜਹਾਈ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
ਹਰਮਿੰਦਰ ਸਿੰਘ ਭੱਟ
ਮਲੇਰਕੋਟਲਾ, 14, ਜਨਵਰੀ 2022 - ਦਸਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354 ਵੇਂ ਅਵਤਾਰ ਪੁਰਬ ਦੇ ਮੱਦੇਨਜ਼ਰ ਨਗਰ ਬੋੜਹਾਈ ਕਲਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸੰਤਪੁਰਾ ਸਹਿਬ ਦੀ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸੰਤਪੁਰਾ ਸਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆਂ ਨਾਲ ਧੂਮਧਾਮ ਨਾਲ ਆਰੰਭ ਹੋਇਆ।ਨਗਰ ਕੀਰਤਨ ਫੁੱਲਾਂ ਨਾਲ ਲੱਦੀ ਸੁੰਦਰ ਪਾਲਕੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਜਿਸ ਦੇ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ।
ਉੱਥੇ ਸੰਗਤਾਂ ਨੇ ਫੁਲਾਂ ਨਾਲ ਵਰਖਾ ਕੀਤੀ ਤੇ ਵਾਹਿਗੁਰੂ ਦਾ ਮੂਲ ਮੰਤਰ ਜਾਪ ਵੀ ਕਰ ਰਹੀਆਂ ਸਨ।ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਿਆ ਤੇ ਹਰ ਪੜਾਅ ਤੇ ਬੜੀ ਸ਼ਰਧਾ ਤੇ ਨਿਮਰਤਾ ਨਾਲ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਲਈ ਕੲੀ ਪੜਾਆਵਾ ਤੇ ਚਾਹ ਪਕੌੜੇ , ਕੇਲਿਆਂ ਦੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਸਨ। ਇਸ ਮੌਕੇ ਪੰਥਕ ਢਾਡੀ ਜੱਥੇ ਨੇ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਦੇ ਦੱਸੇ ਮਾਰਗ ਤੇ ਚਾਨਣਾ ਪਾਉਂਦਿਆਂ ਵਾਰਾਂ ਨਾਲ ਨਿਹਾਲ ਕੀਤਾ।ਇਸ ਮੌਕੇ ਬਾਬਾ ਵਰਿੰਦਰ ਸਿੰਘ, ਬਾਬਾ ਵਿੱਕੀ, ਕਮੇਟੀ ਮੈਂਬਰ ਗੁਰਦੀਪ ਸਿੰਘ, ਗੁਰਜੀਤ ਸਿੰਘ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ।